ਅੰਮ੍ਰਿਤਸਰ: ਵਿਸ਼ਵ ਕੱਪ ਵਿਚ ਦਸ ਦੇਸ਼ਾਂ ਦੀਆ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਸਾਲ 1992 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਰਾਊਂਡ ਰੋਬਿਨ ਫਾਰਮਿਟ ਅਧਾਰ 'ਤੇ ਖੇਡਿਆ ਜਾਵੇਗਾ। ਦੁਨੀਆਂ ਵਿਚ ਕ੍ਰਿਕੇਟ ਦੇ ਮਹਾਕੁੰਬ ਦਾ ਆਗਾਜ਼ 30 ਮਈ ਨੂੰ ਹੋ ਗਿਆ ਹੈ ਜਿਸਨੂੰ ਲੈ ਕੇ ਕ੍ਰਿਕੇਟ ਦੇ ਫੈਨਸ 'ਤੇ ਕ੍ਰਿਕੇਟ ਦਾ ਰੰਗ ਚੜ੍ਹ ਗਿਆ ਹੈ।
ਵਿਸ਼ਵ ਕੱਪ ਟ੍ਰਾਫ਼ੀ ਲਈ ਦਸ ਟੀਮਾਂ ਆਪਣਾ ਪੂਰਾ ਜ਼ੋਰ ਲਗਾਉਣਗੀਆਂ। ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਰਕਮ ਕਿੰਨੀ ਮਿਲੇਗੀ ਇਹ ਵੀ ਜਾਨਣਾ ਜ਼ਰੂਰੀ ਹੈ। ਹਰੇਕ ਟੀਮ ਇਕ ਦੂਜੇ ਵਿਰੁੱਧ ਕੁੱਲ 9 ਮੈਚ ਖੇਡੇਗੀ। ਇਨ੍ਹਾਂ ਵਿੱਚੋ 4 ਟੀਮਾਂ ਸਿੱਧਾ ਸੈਮੀਫਾਈਨਲ ਵਿਚ ਐਂਟਰੀ ਕਰਨਗੀਆਂ ਜਿਸ ਤੋਂ ਬਾਅਦ ਫਾਈਨਲ ਜਿੱਤਣ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ।
ਵਿਸ਼ਵ ਕੱਪ ਦਾ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ ਆਈਸੀਸੀ ਵਲੋਂ ਦਿੱਤੀ ਜਾਣ ਵਾਲੀ ਵਿਸ਼ਵ ਕੱਪ ਟ੍ਰਾਫ਼ੀ ਸੋਨੇ ਤੇ ਚਾਂਦੀ ਦੀ ਬਣੀ ਹੁੰਦੀ ਹੈ ਜਿਸਦਾ ਵਜ਼ਨ ਲਗਭਗ 11 ਕਿਲੋ ਹੈ ਤੇ ਉਸਦੀ ਉਚਾਈ 60 ਸੈਂਟੀਮੀਟਰ ਹੈ। ਇੰਨਾ ਹੀ ਨਹੀਂ ਇਸਦੇ ਨਾਲ ਵਿਸ਼ਵ ਚੈਂਪੀਅਨ ਬਣਨ ਵਾਲੀ ਜੇਤੂ ਟੀਮ ਨੂੰ ਟ੍ਰਾਫ਼ੀ ਦੇ ਨਾਲ 28 ਕਰੋੜ ਰੁਪਏ ਇਨਾਮ ਵਜੋਂ ਮਿਲਣਗੇ ਤੇ ਉਪ-ਜੇਤੂ ਟੀਮ ਨੂੰ 14 ਕਰੋੜ ਰੁਪਏ ਜਦਕਿ ਸੈਮੀਫਾਈਨਲ ਵਿਚ ਪੁੱਜਣ ਵਾਲੀਆਂ ਟੀਮਾਂ ਨੂੰ 5-5 ਕਰੋੜ ਰੁਪਏ ਮਿਲਣਗੇ।
ਦੱਸ ਦਈਏ ਕਿ ਇਹ ਮੈਚ 30 ਮਈ ਤੋਂ ਸ਼ੁਰੂ ਹੋ ਕੇ 14 ਜੁਲਾਈ ਤੱਕ ਖੇਡੇ ਜਾਣਗੇ। ਭਾਰਤ ਆਪਣੇ ਮੈਚ ਦੀ ਸ਼ੁਰੂਆਤ 5 ਜੂਨ ਨੂੰ ਸਾਊਥ ਅਫ਼ਰੀਕਾ ਵਿਰੁੱਧ ਕਰੇਗਾ। ਕੋਹਲੀ ਦੀ ਵਿਰਾਟ ਸੈਨਾ 1983 ਤੇ 2011 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਕ ਵਾਰ ਮੁੜ ਇਤਿਹਾਸ ਦਹੁਰਾਉਂਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ।