ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਵੱਲੋਂ ਬੈਨ ਕੀਤੇ ਗਏ ਲੈਗ ਸਪਿਨਰ ਦਾਨਿਸ਼ ਕਨੇਰੀਆ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਬਣਾਏ ਜਾਣ ਦੇ ਵਿਚਾਰ ਦਾ ਦਾ ਸਮਰਥਨ ਕੀਤਾ ਹੈ।
ਕਨੇਰਿਆ ਨੇ ਕਿਹਾ ਕਿ ਜੇ ਗਾਂਗੁਲੀ ਆਈਸੀਸੀ ਦੇ ਚੇਅਰਮੈਨ ਬਣਦੇ ਹਨ ਤਾਂ ਫ਼ਿਰ ਉਹ ਆਈਸੀਸੀ ਵਿੱਚ ਆਪਣੇ ਉੱਪਰ ਲੱਗੀ ਜ਼ਿੰਦਗੀ ਭਰ ਦੀ ਰੋਕ ਵਿਰੁੱਧ ਅਪੀਲ ਕਰਨਗੇ। ਕਨੇਰਿਆ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ ਕਿ ਮੈਂ ਗਾਂਗੁਲੀ ਨੂੰ ਅਪੀਲ ਕਰਾਂਗਾ ਅਤੇ ਮੈਨੂੰ ਯਕੀਨ ਹੈ ਕਿ ਆਈਸੀਸੀ ਮੇਰੀ ਹਰ ਤਰ੍ਹਾਂ ਮਦਦ ਕਰੇਗਾ। ਸੌਰਵ ਗਾਂਗੁਲੀ ਇੱਕ ਬਿਹਤਰੀਨ ਕ੍ਰਿਕਟਰ ਰਹੇ ਹਨ। ਉਹ ਬਾਰੀਕੀਆਂ ਨੂੰ ਸਮਝਦੇ ਹਨ। ਆਈਸੀਸੀ ਚੇਅਰਮੈਨ ਦੀ ਭੂਮਿਕਾ ਦੇ ਲਈ ਉਨ੍ਹਾਂ ਤੋਂ ਬਿਹਤਰ ਕੋਈ ਉਮੀਦਵਾਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਗਾਂਗੁਲੀ ਨੇ ਸ਼ਾਨਦਾਰ ਤਰੀਕੇ ਨਾਲ ਭਾਰਤੀ ਟੀਮ ਨੂੰ ਬਤੌਰ ਕਪਤਾਨ ਕਾਫ਼ੀ ਅੱਗੇ ਵਧਾਇਆ ਹੈ ਅਤੇ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਵੀ ਅੱਗੇ ਵਧਾਇਆ। ਉਹ ਵਰਤਮਾਨ ਵਿੱਚ ਬੀਸੀਸੀਆਈ ਚੇਅਰਮੈਨ ਹਨ ਅਤੇ ਮੇਰਾ ਮੰਨਣਾ ਹੈ ਕਿ ਉਹ ਕ੍ਰਿਕਟ ਨੂੰ ਅੱਗੇ ਲਿਜਾ ਸਕਦੇ ਹਨ, ਉਹ ਆਈਸੀਸੀ ਮੁਖੀ ਬਣ ਜਾਣਗੇ।
ਕਨੇਰਿਆ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਈਸੀਸੀ ਮੁਖੀ ਬਣਨ ਦੇ ਲਈ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਮਰਥਨ ਦੀ ਲੋੜ ਨਹੀਂ ਹੈ।
ਸਾਬਕਾ ਪਾਕਿਸਤਾਨੀ ਸਪਿਨਰ ਨੇ ਕਿਹਾ ਕਿ ਗਾਂਗੁਲੀ ਦੇ ਕੋਲ ਖ਼ੁਦ ਦੇ ਲਈ ਇੱਕ ਮਜ਼ਬੂਤ ਮਾਮਲਾ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਪੀਸੀਬੀ ਦੇ ਸਮਰਥਨ ਦੀ ਵੀ ਲੋੜ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਕਪਤਾਨ ਗ੍ਰੀਮ ਸਮਿਥ ਨੇ ਅਗਲੇ ICC ਮੁਖੀ ਦੇ ਰੂਪ ਵਿੱਚ ਗਾਂਗੁਲੀ ਦਾ ਨਾਂਅ ਅੱਗੇ ਵਧਾਇਆ ਸੀ।