ਕਰਾਚੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਲੜੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਲੜੀ ਦੁਨੀਆ ਦੀ ਸਭ ਤੋਂ ਹਿੱਟ ਲੜੀ ਸਾਬਤ ਹੋਵੇਗੀ। ਭਾਰਤ ਬਨਾਮ ਪਾਕਿਸਤਾਨ ਨੇ ਆਖ਼ਰੀ ਵਾਰ 2012-2013 ਵਿੱਚ ਇੱਕ ਦੁਵੱਲੀ ਲੜੀ ਖੇਡੀ ਸੀ, ਜਿਸ ਤੋਂ ਬਾਅਦ ਕੁੱਝ ਰਾਜਸੀ ਤਣਾਅ ਦੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਸਿਰਫ਼ ਆਈਸੀਸੀ ਅਤੇ ਮਹਾਂਦੀਪੀ ਟੂਰਨਾਮੈਂਟ ਤੱਕ ਸੀਮਿਤ ਰਹੇ ਹਨ।
ਵਕਾਰ ਨੇ ਕਿਹਾ, “ਜੇ ਤੁਸੀਂ ਦੋਵੇਂ ਦੇਸ਼ਾਂ ਵਿਚ ਜਾਂਦੇ ਹੋ ਅਤੇ ਕਿਸੇ ਕ੍ਰਿਕਟ ਪ੍ਰੇਮੀ ਨੂੰ ਪੁੱਛਦੇ ਹੋ ਕਿ ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਖੇਡਣਾ ਚਾਹੀਦਾ ਹੈ ਤਾਂ 95 ਫ਼ੀਸਦੀ ਲੋਕ ਕਹਿਣਗੇ ਕਿ ਦੋਵਾਂ ਦੇਸ਼ਾਂ ਵਿਚ ਕ੍ਰਿਕਟ ਹੋਣਾ ਚਾਹੀਦੀ ਹੈ। ਭਾਂਵੇ ਇਸ ਦਾ ਨਾਂਅ ‘ਇਮਰਾਨ-ਕਪਿਲ’ ਰੱਖ ਲਓ ਜਾਂ 'ਸੁਤੰਤਰਤਾ ਸੀਰੀਜ਼' ਜਾਂ ਕੁੱਝ ਵੀ ਨਾਂਅ ਦਿਓ, ਇਹ ਵਿਸ਼ਵ ਦੀ ਸਭ ਤੋਂ ਹਿੱਟ ਕ੍ਰਿਕਟ ਲੜੀ ਹੋਵੇਗੀ।”
ਇਹ ਵੀ ਪੜ੍ਹੋ: ਉਤਰਾਖੰਡ ਦੀਆਂ ਵਾਦੀਆਂ 'ਚ ਛੁੱਟੀਆਂ ਮਨਾਉਣਗੇ ਧੋਨੀ, ਸਾਕਸ਼ੀ ਨੇ ਦੱਸੇ ਤਾਲਾਬੰਦੀ ਤੋਂ ਬਾਅਦ ਦੇ ਪਲਾਨ
ਸਾਬਕਾ ਪਾਕਿਸਤਾਨੀ ਕਪਤਾਨ ਨੇ ਇਹ ਵੀ ਕਿਹਾ ਕਿ ਅਜਿਹੇ ਮੈਚ ਨਿਯਮਤ ਤੌਰ 'ਤੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਕ੍ਰਿਕਟ ਪ੍ਰੇਮੀ ਇਸ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਕਿਹਾ, “ਮੈਂ ਭਾਰਤ ਅਤੇ ਪਾਕਿਸਤਾਨ ਨੂੰ ਦੁਵੱਲੀ ਲੜੀ ਖੇਡਦੇ ਵੇਖਣਾ ਚਾਹੁੰਦਾ ਹਾਂ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਚ ਵਾਲੀ ਥਾਂ ਦਾ ਕੀ ਹੋਵੇਗੀ ਪਰ ਬੇਸ਼ਕ ਪ੍ਰਸ਼ੰਸਕ ਇਨ੍ਹਾਂ ਮੈਚਾਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਦੇਖਣਾ ਚਾਹੁੰਦੇ ਹਨ। ਪਰ ਇਹ ਤਾਂ ਨਿਸ਼ਚਿਤ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੀ ਲੜੀ ਕਾਫ਼ੀ ਸੰਭਵ ਹੈ।”
ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਲੜੀ ਦੀ ਗੱਲਬਾਤ ਸ਼ੋਇਬ ਅਖ਼ਤਰ ਨੇ ਸ਼ੁਰੂ ਕੀਤੀ ਸੀ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਪੈਸਾ ਇਕੱਠਾ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਲੜੀ ਦਾ ਆਯੋਜਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਅਖ਼ਤਰ ਦੇ ਬਿਆਨ ਨੂੰ ਸੁਨੀਲ ਗਾਵਸਕਰ, ਕਪਿਲ ਦੇਵ, ਮਦਨ ਲਾਲ ਵਰਗੇ ਭਾਰਤੀ ਦਿੱਗਜਾਂ ਨੇ ਬਿਲਕੁਲ ਰੱਦ ਕਰ ਦਿੱਤਾ ਸੀ।