ਕੋਲਕਾਤਾ: ਭਾਰਤੀ ਟੀਮ ਦੇ ਸਾਬਕਾ ਵਿਕਟ ਕੀਪਰ ਕਿਰਨ ਮੋਰੇ ਨੇ ਉਸ ਸਮੇਂ ਨੂੰ ਯਾਦ ਕੀਤਾ ਜਦ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ਉੱਤੇ ਬਣ ਰਹੀ ਫ਼ਿਲਮ ਦੇ ਲਈ ਅਦਾਕਾਰ ਸੁਸ਼ਾਂਤ ਸਿੰਘ ਨੇ ਸਖ਼ਤ ਮਿਹਨਤ ਕੀਤੀ ਸੀ ਅਤੇ ਬਿਲਕੁਲ ਆਮ ਖਿਡਾਰੀ ਦੀ ਤਰ੍ਹਾਂ ਹੀ ਕ੍ਰਿਕਟ ਦੀ ਬਾਰੀਕੀਆਂ ਨੂੰ ਸਿੱਖਿਆ ਸੀ।
ਸੁਸ਼ਾਂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਵਿਖੇ ਸਥਿਤ ਆਪਣੇ ਘਰ ਵਿੱਚ ਆਤਮ-ਹੱਤਿਆ ਕਰ ਲਈ। ਧੋਨੀ ਦੀ ਫ਼ਿਲਮ ਦੇ ਲਈ ਸੁਸ਼ਾਂਤ ਨੇ ਮੋਰੇ ਨੀ ਹੀ ਸਿੱਖਿਅਤ ਕੀਤਾ ਸੀ।
ਮੋਰੇ ਨੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਕਿ ਸੁਸ਼ਾਂਤ ਨੇ ਫ਼ਿਲਮ ਦੇ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਕਦੇ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕੀਤੀ ਸੀ।
57 ਸਾਲ ਦੇ ਮੋਰੇ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਖ਼ਬਰ ਹੈ। ਉਹ ਬਹੁਤ ਜਲਦੀ ਚਲੇ ਗਏ। ਇਸ ਖ਼ਬਰ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਂ ਇਸ ਤੋਂ ਬਾਹਰ ਨਹੀਂ ਆ ਸਕਦਾ। ਉਹ ਸਿਰਫ਼ 34 ਸਾਲ ਦੇ ਸਨ। ਉਹ ਕਾਫ਼ੀ ਮਿਹਨਤੀ, ਜਨੂੰਨੀ ਅਤੇ ਗੁਣਵਾਨ ਸਨ। ਮੈਂ ਉਨ੍ਹਾਂ ਦੇ ਨਾਲ 9 ਮਹੀਨੇ ਕੰਮ ਕੀਤਾ ਸੀ, ਇਸ ਲਈ ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਉਸ ਚਰਿੱਤਰ ਦੇ ਲਈ ਕਿੰਨੀ ਮਿਹਨਤ ਕੀਤੀ ਸੀ।
ਸਾਬਕਾ ਮੁੱਖ ਚੋਣਕਾਰ ਨੇ ਕਿਹਾ ਕਿ ਇੱਕ ਅਦਾਕਾਰ ਤੋਂ ਕ੍ਰਿਕਟ ਬਣਾਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ। ਇਸ ਤੋਂ ਬਾਅਦ ਧੋਨੀ ਦੀ ਨਕਲ ਕਰਨਾ, ਉਮੀਦਾਂ ਕਾਫ਼ੀ ਉੱਚੀਆਂ ਰਹਿੰਦੀਆਂ ਹਨ। ਕਈ ਖਿਡਾਰੀਆਂ ਦੀ ਜ਼ਿੰਦਗੀ ਤੇ ਆਧਾਰਿਤ ਫ਼ਿਲਮਾਂ ਆਈਆਂ, ਪਰ ਕੋਈ ਵੀ ਧੋਨੀ ਦੀ ਫ਼ਿਲਮ ਦੀ ਤਰ੍ਹਾਂ ਸਫ਼ਲ ਨਹੀਂ ਰਹੀ।
ਮੋਰੇ ਨੇ ਕਿਹਾ ਕਿ ਅਸੀਂ ਆਮ ਵਾਂਗ ਅਭਿਆਸ ਸੈਸ਼ਨ ਕਰਦੇ ਸਾਂ। ਨੈੱਟ ਵਿੱਚ ਉਨ੍ਹਾਂ ਨੂੰ ਆਮ ਕ੍ਰਿਕਟਰ ਦੀ ਤਰ੍ਹਾਂ ਹੀ ਸਮਝਿਆ ਜਾਂਦਾ ਸੀ। ਤੇਜ਼ ਗੇਂਦਬਾਜ਼ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ੀ ਕਰਦੇ ਸਨ। ਅਸੀਂ ਟੈਨਿਸ ਗੇਂਦ ਨਾਲ ਸ਼ੁਰੂਆਤ ਕੀਤੀ ਸੀ, ਪਰ ਬਾਅਦ ਵਿੱਚ ਜਦ ਉਨ੍ਹਾਂ ਨੂੰ ਖ਼ੁਦ ਤੇ ਭਰੋਸਾ ਹੋ ਗਿਆ ਤਾਂ ਫ਼ਿਰ ਕੋਈ ਸਮਝੌਤਾ ਨਹੀਂ।