ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ(ਆਈਪੀਐਲ) ਦੇ 13ਵੇਂ ਸੀਜ਼ਨ ਨੂੰ ਅਗਲੇ ਆਦੇਸ਼ ਤੱਕ ਟਾਲ ਦਿੱਤਾ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਸਕੰਟ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਬੀਸੀਸੀਆਈ ਨੇ ਪ੍ਰੈਸ ਰਿਲੀਜ਼ ਜਾਰੀ ਕਰ ਇਸ ਗੱਲ ਦਾ ਐਲਾਨ ਕੀਤਾ ਹੈ। ਬੀਸੀਸੀਆਈ ਦੇ ਸਚਿਵ ਜੈ ਸ਼ਾਹ ਵੱਲੋਂ ਕੀਤੀ ਗਈ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਤੇ ਇਸ ਦੀ ਵਜ੍ਹਾਂ ਤੋਂ ਕੀਤੇ ਗਏ ਲੌਕਡਾਊਨ ਨੂੰ ਦੇਖਦੇ ਹੋਏ ਆਈਪੀਐਲ ਨੂੰ ਅਨਿਸ਼ਚਿਤ ਸਮੇਂ ਲਈ ਟਾਲ ਦਿੱਤਾ ਗਿਆ ਹੈ।
ਪਰ ਇਸ ਦੇ ਨਾਲ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਬੋਰਡ ਨੂੰ ਸ਼੍ਰੀਲੰਕਾ ਵਿੱਚ ਇਸ ਟੂਰਨਾਮੈਟ ਨੂੰ ਆਯੋਜਿਤ ਕਰਨਾ ਦਾ ਪ੍ਰਸਤਾਵ ਮਿਲਿਆ ਹੈ। ਮੀਡੀਆ ਰਿਪੋਰਟਸ ਮੁਤਾਬਕ, ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਅਧਿਕਾਰੀ ਸ਼ਮੀ ਸਿਲਵਾ ਨੇ ਇਸ ਬਾਰੇ ਵਿੱਚ ਬੀਸੀਸੀਆਈ ਅਧਿਕਾਰੀਆਂ ਨਾਲ ਗੱਲ ਕੀਤੀ ਹੈ।
ਦੱਸਣਯੋਗ ਹੈ ਕਿ ਸ਼੍ਰੀਲੰਕਾ ਵਿੱਚ ਹਾਲੇ ਤੱਕ ਕੋਰੋਨਾ ਦੇ ਮਾਮਲੇ ਸਭ ਤੋਂ ਘੱਟ ਪਾਏ ਗਏ ਹਨ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 400 ਤੋਂ ਘੱਟ ਤੇ ਮਰਨ ਵਾਲਿਆਂ ਦੀ ਗਿਣਤੀ 7 ਹੈ। ਸ਼੍ਰੀਲੰਕਾ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਬੀਸੀਸੀਆਈ ਨੂੰ ਸ਼੍ਰੀਲੰਕਾ ਆਈਪੀਐਲ ਆਯੋਜਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਸਿਲਵਾ ਨੇ ਕਿਹਾ, "ਜੇ ਆਈਪੀਐਲ ਰੱਦ ਹੁੰਦਾ ਹੈ ਤਾਂ ਆਈਪੀਐਲ ਫਰੈਂਚਾਈਜ਼ਾਂ ਤੇ ਬੀਸੀਸੀਆਈ ਨੂੰ ਕਾਫ਼ੀ ਨੁਕਸਾਨ ਹੋਵੇਗਾ। ਉਨ੍ਹਾਂ ਨੂੰ ਤਕਰੀਬਨ 500 ਮਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਤਾਂ ਅਜਿਹੇ ਵਿੱਚ ਆਈਪੀਐਲ ਨੂੰ ਦੂਸਰੇ ਦੇਸ਼ ਵਿੱਚ ਆਯੋਜਿਤ ਕੀਤਾ ਜਾ ਸਕਦਾ ਹੈ। ਜਿਵੇਂ ਕਿ ਉਨ੍ਹਾਂ ਨੇ ਸਾਲ 2009 ਵਿੱਚ ਕੀਤਾ ਸੀ।"