ਕਰਾਚੀ: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਟੀ-20 ਵਿਸ਼ਵ ਕੱਪ ਦੇ ਮੁਲਤਵੀ ਹੋਣ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਆਈਪੀਐਲ ਦਾ ਆਯੋਜਨ ਕਰਨਾ ਚਾਹੁੰਦਾ ਸੀ, ਇਸ ਕਾਰਨ ਟੀ-20 ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਗਿਆ।
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਸ਼ੀਆ ਕੱਪ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
ਸ਼ੋਏਬ ਅਖਤਰ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਅਤੇ ਆਈਸੀਸੀ ਟੀ-20 ਵਿਸ਼ਵ ਕੱਪ ਕਰਵਾਇਆ ਜਾ ਸਕਦਾ ਸੀ, ਪਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਆਯੋਜਨ ਕਰਵਾਉਣ ਦੇ ਲਈ ਇਹ ਦੋਵੇਂ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ।
ਸ਼ੋਏਬ ਅਖਤਰ ਨੇ ਟੀ-20 ਵਿਸ਼ਵ ਕੱਪ ਰੱਦ ਕੀਤੇ ਜਾਣ ਲਈ ਬੀਸੀਸੀਆਈ ਨੂੰ ਜ਼ਿੰਮੇਵਾਰ ਦੱਸਿਆ, “ਆਖਰਕਾਰ, ਇੱਕ ਤਾਕਤਵਾਰ ਇਨਸਾਨ, ਜਾਂ ਇੱਕ ਪਾਵਰਫੂਲ ਕ੍ਰਿਕਟ ਬੋਰਡ, ਇਹ ਨੀਤੀਆਂ ਨੂੰ ਚਲਾਉਂਦਾ ਹੈ ਅਤੇ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਤੁਹਾਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ। ਟੀ-20 ਵਿਸ਼ਵ ਕੱਪ ਅਤੇ ਏਸ਼ੀਆ ਕੱਪ ਇਸ ਸਾਲ ਖੇਡੇ ਜਾ ਸਕਦੇ ਸੀ, ਇਹ ਭਾਰਤ ਪਾਕਿਸਤਾਨ ਦੇ ਲਈ ਇਸ ਸਾਲ ਇਕ-ਦੂਜੇ ਦੇ ਖ਼ਿਲਾਫ਼ ਖੇਡਣ ਦਾ ਮੌਕਾ ਸੀ, ਪਰ ਉਨ੍ਹਾਂ ਨੇ ਇਸ ਨੂੰ ਛੱਡ ਦਿੱਤਾ। ਇਸ ਦੇ ਪਿੱਛੇ ਕਈ ਕਾਰਨ ਹਨ, ਜੋ ਮੈਂ ਡੂੰਘਾਈ ਵਿੱਚ ਨਹੀਂ ਜਾਣਾ ਚਾਹੁੰਦਾ।”
ਅਖਤਰ ਨੇ ਅੱਗੇ ਕਿਹਾ, "ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਉਹ ਅਜਿਹਾ ਕਰਨ ਨਹੀਂ ਦਿੰਦੇ। ਆਈਪੀਐਲ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ, ਵਿਸ਼ਵ ਕੱਪ ਜਾਏ ਭਾੜ ਮੈਂ।”
ਦੱਸ ਦੇਈਏ ਕਿ ਏਸ਼ੀਆ ਕੱਪ ਸਤੰਬਰ 'ਚ ਖੇਡਿਆ ਜਾਣਾ ਸੀ, ਜਦਕਿ ਟੀ-20 ਵਿਸ਼ਵ ਕੱਪ ਅਕਤੂਬਰ-ਨਵੰਬਰ ਦੇ ਵਿਚਕਾਰ ਖੇਡਿਆ ਜਾਣਾ ਸੀ। ਇਸ ਵਾਰ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਪਾਕਿਸਤਾਨ ਦੇ ਕੋਲ ਸੀ ਅਤੇ ਟੀ-20 ਵਿਸ਼ਵ ਕੱਪ ਆਯੋਜਨ ਆਸਟਰੇਲੀਆ ਵਿੱਚ ਹੋਣਾ ਸੀ। ਪਰ ਹੁਣ ਇਹ ਦੋਵੇਂ ਟੂਰਨਾਮੈਂਟ ਇੱਕ ਸਾਲ ਲਈ ਮੁਲਤਵੀ ਕਰ ਦਿੱਤੇ ਗਏ ਹਨ।
ਇਨ੍ਹਾਂ ਦੋਵਾਂ ਟੂਰਨਾਮੈਂਟਾਂ ਦੇ ਮੁਲਤਵੀ ਹੋਣ ਨਾਲ, ਬੀਸੀਸੀਆਈ ਨੂੰ ਆਈਪੀਐਲ ਦੇ ਆਯੋਜਨ ਦੇ ਲਈ ਸਤੰਬਰ ਤੋਂ ਨਵੰਬਰ ਦੇ ਵਿਚਕਾਰ ਦਾ ਵਿੰਡੋ ਮਿਲ ਗਿਆ ਹੈ। ਆਈਪੀਐਲ ਦਾ ਆਯੋਜਨ ਇਸ ਸਾਲ ਯੂਏਈ ਵਿੱਚ ਹੋ ਸਕਦਾ ਹੈ। ਫਿਲਹਾਲ, ਬੀਸੀਸੀਆਈ ਨੇ ਆਈਪੀਐਲ ਦੇ ਯੂਏਈ ਵਿੱਚ ਆਯੋਜਨ ਨੂੰ ਲੈ ਕੇ ਸਰਕਾਰ ਤੋਂ ਇਜਾਜ਼ਤ ਵੀ ਮੰਗੀ ਹੈ।