ਲਾਹੌਰ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਕੋਵਿਡ-19 ਤੋਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੇ ਲਈ ਦੁਆਵਾਂ ਕੀਤੀਆਂ ਹਨ।
ਅਫ਼ਰੀਦੀ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ ਜੋ ਮੇਰੇ ਸਿਹਤਮੰਦ ਹੋਣ ਦੀਆਂ ਦੁਆਵਾਂ ਕਰ ਰਹੇ ਹਨ ਅਤੇ ਮੈਨੂੰ ਸੰਦੇਸ਼ ਭੇਜ ਰਹੇ ਹਨ। ਤੁਹਾਡੇ ਸਭ ਦਾ ਤਹਿ ਦਿਲੋਂ ਧੰਨਵਾਦ। ਕਿਰਪਾ ਕਰ ਕੇ ਸੁਰੱਖਿਅਤ ਰਹੋ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਜ਼ਰੂਰਤਮੰਦਾਂ ਦੀ ਮਦਦ ਕਰਦੇ ਰਹੋ। ਤੁਹਾਨੂੰ ਸਭ ਨੂੰ ਬਹੁਤ ਸਾਰਾ ਪਿਆਰ।
ਅਫ਼ਰੀਦੀ ਨੇ ਸ਼ਨਿਚਰਵਾਰ ਨੂੰ ਟਵਿੱਟਰ ਦੇ ਮਾਧਿਅਮ ਦੇ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪੌਜ਼ੀਟਿਵ ਆਇਆ ਹੈ।
ਅਫ਼ਰੀਦੀ ਨੇ ਟਵਿੱਟਰ ਉੱਤੇ ਇੱਕ ਭਾਵੁਕ ਸੰਦੇਸ਼ ਲਿਖਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਅਫ਼ਰੀਦੀ ਨੇ ਕਿਹਾ ਸੀ ਕਿ ਵੀਰਵਾਰ ਤੋਂ ਹੀ ਉਹ ਵਧੀਆ ਮਹਿਸੂਸ ਨਹੀਂ ਕਰ ਰਹੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਕਰਵਾਇਆ, ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਦੁਆ ਕਰਨ ਨੂੰ ਕਿਹਾ ਹੈ।
ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਅਫ਼ਰੀਦੀ ਦੇ ਜਲਦ ਸਿਹਤਮੰਦ ਹੋਣ ਦੀ ਦੁਆ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਇਸ ਮਹਾਂਮਾਰੀ ਨਾਲ ਪ੍ਰਭਾਵਿਤ ਨਾ ਹੋਵੇ। ਮੇਰੇ ਅਫ਼ਰੀਦੀ ਨਾਲ ਰਾਜਨੀਤਿਕ ਮੱਤਭੇਦ ਹੈ, ਪਰ ਮੈਂ ਉਨ੍ਹਾਂ ਨੂੰ ਜਲਦ ਤੋਂ ਜਲਦ ਸਿਹਤਮੰਦ ਹੋਣਾ ਦੇਖਣਾ ਚਾਹੁੰਦਾ ਹਾਂ। ਸਿਰਫ਼ ਅਫ਼ਰੀਦੀ ਹੀ ਨਹੀਂ ਮੈਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਵਿੱਚ ਜੋ ਵੀ ਇਸ ਵਾਇਰਸ ਨਾਲ ਗ੍ਰਸਤ ਹੈ, ਉਹ ਜਲਦੀ ਤੋਂ ਜਲਦੀ ਸਿਹਤਮੰਦ ਹੋਵੇ।
ਸ਼ਾਹਿਦ ਅਫ਼ਰੀਦੀ ਨੇ ਪਾਕਿਸਤਾਨ ਦੇ ਲਈ 398 ਇੱਕ ਰੋਜ਼ਾ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 117 ਦੇ ਸਟ੍ਰਾਇਕ ਰੇਟ ਦੇ ਨਾਲ 8064 ਦੌੜਾਂ ਬਣਾਈਆਂ ਹਨ ਅਤੇ 395 ਵਿਕਟਾਂ ਵੀ ਲਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 99 ਟੀ-20 ਅਤੇ 27 ਟੈਸਟ ਵੀ ਪਾਕਿਸਤਾਨ ਦੇ ਲਈ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ ਲੜੀਵਾਰ 98 ਅਤੇ 48 ਵਿਕਟਾਂ ਲਈਆਂ ਹਨ।