ਲਾਹੌਰ: ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਇਦ ਅਫ਼ਰੀਦੀ ਨੇ ਇੱਕ ਵਾਰ ਫ਼ਿਰ ਅਸ਼ਾਂਤੀ ਭਰੇ ਦਾਅਵੇ ਨਾਲ ਸਾਹਮਣੇ ਆਉਂਦਿਆਂ ਕਿਹਾ ਹੈ ਕਿ ਭਾਰਤ ਵਿੱਚ ਲੋਕਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ। ਹਾਲ ਹੀ ਵਿੱਚ, ਅਫ਼ਰੀਦੀ ਨੂੰ ਭਾਰਤ ਵਿਰੋਧੀ ਟਿੱਪਣੀਆਂ ਲਈ ਕਈ ਸਾਬਕਾ ਭਾਰਤੀ ਕ੍ਰਿਕਟਰਾਂ ਜਿਵੇਂ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਗੌਤਮ ਗੰਭੀਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਅਫ਼ਰੀਦੀ ਨੇ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ ਉੱਤੇ ਕਿਹਾ ਕਿ ਮੇਰੀ ਸੰਸਥਾ ਦਾ ਸਮਰੱਥਨ ਕਰਨ ਲਈ ਮੈਂ ਹਰਭਜਨ ਸਿੰਘ ਅਤੇ ਯੁਵਰਾਜ ਦਾ ਧੰਨਵਾਦੀ ਰਹਾਂਗਾ। ਅਸਲ ਸਮੱਸਿਆ ਇਹ ਹੈ ਕਿ ਇਹ ਉਨ੍ਹਾਂ ਦੀ ਮਜ਼ਬੂਰੀ ਹੈ ਕਿ ਉਹ ਇਸ ਦੇਸ਼ ਵਿੱਚ ਰਹਿੰਦੇ ਹਨ। ਉਹ ਮਜ਼ਬੂਰ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਲੋਕਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ। ਮੈਂ ਅੱਗੇ ਕੁੱਝ ਨਹੀਂ ਕਹਾਂਗਾ।
ਆਪਣੀ ਹੁਣੇ ਦੀ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਫ਼ੇਰ ਉੱਤੇ ਗਏ ਸ਼ਾਇਦ ਅਫ਼ਰੀਦੀ ਨੇ ਨਰਿੰਦਰ ਮੋਦੀ ਨੂੰ ਭਾਰਤ ਵਿੱਚ ਧਾਰਮਿਕ ਅੱਤਿਆਚਾਰ ਦਾ ਦੋਸ਼ੀ ਕਿਹਾ ਹੈ। ਇਸੇ ਨੂੰ ਲੈ ਕੇ ਸ਼ਿਖ਼ਰ ਧਵਨ, ਹਰਭਜਨ ਸਿੰਘ, ਯੁਵਰਾਜ, ਸੁਰੇਸ਼ ਰੈਨਾ ਅਤੇ ਗੰਭੀਰ ਨੇ ਅਫ਼ਰੀਦੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ।
ਅਫ਼ਰੀਦੀ ਦੇ ਬਿਆਨ ਨਾਲ ਹਰਭਜਨ ਸਿੰਘ ਅਤੇ ਯੁਵਰਾਜ ਨੂੰ ਬਹੁਤ ਦੁੱਖ ਹੋਇਆ ਹੈ, ਜਦਕਿ ਇਸ ਜੋੜੀ ਨੇ ਅਫ਼ਰੀਦੀ ਦੀ ਸੰਸਥਾ ਦਾ ਕੋਰੋਨਾ ਵਾਇਰਸ ਦੇ ਵਿਰੁੱਧ ਲੜਨ ਵਿੱਚ ਗ਼ਰੀਬਾਂ ਦੀ ਸਹਾਇਤਾ ਦੇ ਲਈ ਸਮਰੱਥਨ ਦਿੱਤਾ ਸੀ।
ਹਰਭਜਨ ਨੇ ਇੱਕ ਭਾਰਤੀ ਨਿਊਜ਼ ਚੈੱਨਲ ਨੂੰ ਦੱਸਿਆ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਜੋ ਸ਼ਾਇਦ ਅਫ਼ਰੀਦੀ ਨੇ ਸਾਡੇ ਦੇਸ਼ ਅਤੇ ਪ੍ਰਧਾਨ ਮੰਤਰੀ ਮਾੜੀ ਸ਼ਬਦਾਵਲੀ ਵਰਤੀ ਹੈ। ਇਹ ਸਵੀਕਾਰਯੋਗ ਨਹੀਂ ਹੈ।
ਸੱਚ ਇਹ ਹੈ ਕਿ ਅਫ਼ਰੀਦੀ ਨੇ ਸਾਨੂੰ ਉਸ ਦੀ ਸੰਸਥਾ ਦੇ ਲਈ ਦਾਨ ਲਈ ਅਪੀਲ ਕੀਤੀ ਸੀ। ਈਮਾਨਦਾਰੀ ਨਾਲ ਅਸੀਂ ਇਹ ਲੋਕਾਂ ਦੀ ਭਲਾਈ ਲਈ ਅਤੇ ਕੋਰੋਨਾ ਵਾਇਰਸ ਕਾਰਨ ਦੁੱਖੀ ਲੋਕਾਂ ਦੀ ਸਹਾਇਤਾ ਲਈ ਕੀਤਾ ਸੀ। ਪਰ ਇਹ ਆਦਮੀ ਸਾਡੇ ਦੇਸ਼ ਬਾਰੇ ਬੁਰਾ-ਭਲਾ ਬੋਲ ਰਿਹਾ ਹੈ। ਮੈਨੂੰ ਸਿਰਫ਼ ਇਹ ਕਹਿਣਾ ਹੈ ਕਿ ਸਾਡਾ ਅਫ਼ਰੀਦੀ ਨਾਲ ਕੋਈ ਸਬੰਧ ਨਹੀਂ ਹੈ। ਉਸ ਨੂੰ ਸਾਡੇ ਦੇਸ਼ ਵਿਰੁੱਧ ਕੁੱਝ ਵੀ ਬੋਲਣ ਦਾ ਹੱਕ ਨਹੀਂ ਹੈ।
ਯੁਵਰਾਜ ਨੇ ਟਵੀਟ ਕੀਤਾ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਫ਼ਰੀਦੀ ਦੀਆਂ ਟਿੱਪਣੀਆਂ ਸੱਚਮੁੱਚ ਨਿਰਾਸ਼ ਕਰਨ ਵਾਲੀਆਂ ਹਨ। ਇੱਕ ਜ਼ਿੰਮੇਵਾਰ ਭਾਰਤੀ ਹੋਣ ਦੇ ਨਾਤੇ ਮੈਂ ਦੇਸ਼ ਲਈ ਖੇਡਿਆ ਹਾਂ, ਮੈਂ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗਾ। ਮੈਂ ਮਨੁੱਖਤਾ ਦੀ ਖ਼ਾਤਰ ਤੁਹਾਡੇ ਕਹਿਣ ਉੱਤੇ ਤੁਹਾਡੀ ਸੰਸਥਾ ਦੀ ਮਦਦ ਕੀਤੀ। ਪਰ ਹੁਣ ਕਦੇ ਵੀ ਨਹੀਂ।