ਨਵੀਂ ਦਿੱਲੀ: ਵਿਸ਼ਾਖਾਪਟਨਮ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਰੋਹਿਤ ਸ਼ਰਮਾ ਨੇ ਬੱਲੇ ਨਾਲ ਧੂਮਾਂ ਪਾਉਂਦੇ ਹੋਏ ਕਈ ਰਿਕਾਰਡ ਆਪਣੇ ਨਾਂਅ ਕੀਤੇ। ਮੈਚ ਦੇ ਚੌਥੇ ਦਿਨ ਰੋਹਿਤ ਸ਼ਰਮਾ ਨੇ ਸ਼ਾਨਦਾਰ 127 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਰੋਹਿਤ ਨੇ ਪਹਿਲੀ ਪਾਰੀ ਵਿੱਚ 176 ਦੌੜਾਂ ਬਣਾਈਆਂ ਸਨ।
ਦੂਜੀ ਪਾਰੀ ਵਿੱਚ ਰੋਹਿਤ ਸ਼ਰਮਾ ਨੇ 149 ਗੇਂਦਾਂ 'ਚ 127 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਵਿੱਚ ਉਸ ਨੇ 10 ਚੌਕੇ ਅਤੇ 7 ਛੱਕੇ ਮਾਰੇ। ਇਸ ਤੋਂ ਪਹਿਲਾਂ ਰੋਹਿਤ ਨੇ ਪਹਿਲੀ ਪਾਰੀ ਵਿੱਚ 244 ਗੇਂਦਾਂ 'ਚ 176 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਵਿੱਚ ਉਸ ਨੇ 23 ਚੌਕੇ ਅਤੇ 6 ਛੱਕੇ ਲਗਾਏ ਸਨ।
ਇਹ ਵੀ ਪੜ੍ਹੋ : ਮਹਿਲਾ ਹਾਕੀ : ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਮੈਚ 2-2 ਨਾਲ ਡਰਾਅ
ਓਪਨਰ ਦੇ ਰੂਪ ਵਿੱਚ ਪਹਿਲੀ ਵਾਰ ਦੋਵਾਂ ਪਾਰੀਆਂ ਵਿੱਚ ਸੈਂਕੜਾ ਲਗਾਉਣ ਵਾਲਾ ਰੋਹਿਤ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਇਤਿਹਾਸ ਰਚਦਿਆਂ ਕਈ ਹੋਰ ਰਿਕਾਰਡ ਆਪਣੇ ਨਾਂਅ ਦਰਜ ਕੀਤੇ।
ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਬਣਾਉਣ ਵਾਲਾ ਰੋਹਿਤ ਭਾਰਤ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਰੋਹਿਤ ਨੇ ਪਹਿਲੀ ਵਾਰ ਬਤੌਰ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਇਹ ਮੁਕਾਮ ਹਾਸਲ ਕੀਤਾ ਹੈ।
ਭਾਰਤ ਲਈ ਹੁਣ ਤੱਕ 27 ਟੈਸਟ ਮੈਚ ਖੇਡ ਚੁੱਕੇ ਰੋਹਿਤ ਨੇ ਵਿਸ਼ਾਖਾਪਟਨਮ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਇਹ ਪ੍ਰਾਪਤੀ ਹਾਸਲ ਕੀਤੀ। ਕ੍ਰਿਕਟ ਦੇ ਇਸ ਲੰਬੇ ਫਾਰਮੈਟ ਵਿੱਚ ਰੋਹਿਤ ਦਾ 177 ਦੌੜਾਂ ਸਰਵੋਤਮ ਸਕੋਰ ਹੈ।