ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਸਮੇਂ ਉਹ ਆਪਣੇ ਖਿਡਾਰੀਆਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਨਹੀਂ ਕਰੇਗਾ। ਪੀਸੀਬੀ ਦੇ ਇੱਕ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਮੌਜੂਦਾ ਸਥਿਤੀ ਦੀ ਸਮੀਖਿਆ ਕੀਤਾ ਜਾ ਰਹੀ ਹੈ। ਪਰ ਬੋਰਡ ਮੌਜੂਦਾ ਵਿੱਤੀ ਸਾਲ ਵਿੱਚ ਆਪਣੇ ਖਿਡਾਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਨਹੀਂ ਕਰੇਗਾ। ਪੀਸੀਬੀ ਦਾ ਮੌਜੂਦਾ ਵਿੱਤੀ ਸਾਲ 30 ਜੂਨ ਤੱਕ ਚੱਲੇਗਾ।
ਅਧਿਕਾਰੀ ਨੇ ਕਿਹਾ ਸਾਡਾ ਵਿੱਤੀ ਸਾਲ 1 ਜੁਲਾਈ ਤੋਂ 30 ਜੂਨ ਤੱਕ ਚੱਲਦਾ ਹੈ। ਸਾਰੇ ਖਿਡਾਰੀਆਂ ਦਾ ਇਕਰਾਰਨਾਮਾ 30 ਜੂਨ ਤੱਕ ਹੈ। 2019-20 ਵਿੱਤੀ ਸਾਲ ਵਿੱਚ ਖਿਡਾਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਨਹੀਂ ਹੋਵੇਗੀ। ਅਸੀਂ ਇਸ ਗੱਲ ਨੂੰ ਨਿਸ਼ਚਿਤ ਕੀਤਾ ਹੈ ਕਿ ਖਿਡਾਰੀਆਂ ਦੀ ਮਹੀਨਾਵਾਰ ਤਨਖ਼ਾਹ ਬਿਨਾਂ ਕਿਸੇ ਦੇਰੀ ਦੇ ਮਿਲੇ। ਪੀਸੀਬੀ ਨਜ਼ਦੀਕ ਤੋਂ ਸਥਿਤੀ ਉੱਤੇ ਨਜ਼ਰ ਰੱਖ ਰਿਹਾ ਹੈ।
ਪੀਸੀਬੀ ਤੋਂ ਪਹਿਲਾਂ, ਬੀਸੀਸੀਆਈ ਵੀ ਆਪਣੇ ਖਿਡਾਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਕਰਨ ਤੋਂ ਇਨਕਾਰ ਕਰ ਚੁੱਕਿਆ ਹੈ।
ਇਸੇ ਦਰਮਿਆਨ, ਇੰਗਲੈਂਡ ਕ੍ਰਿਕਟ ਟੀਮ ਦੇ ਪੁਰਸ਼ ਅਤੇ ਮਹਿਲਾ ਖਿਡਾਰੀ ਅਗਲੇ ਤਿੰਨ ਮਹੀਨਿਆਂ ਤੱਕ ਆਪਣੀ ਤਨਖ਼ਾਹ ਵਿੱਚ ਕਟੌਤੀ ਕਰਵਾਉਣ ਉੱਤੇ ਸਹਿਮਤ ਹੋ ਗਏ ਹਨ।
ਇਹ ਉਹ ਖਿਡਾਰੀ ਹਨ, ਜਿੰਨ੍ਹਾਂ ਦਾ ਇੰਗਲੈਂਡ ਐਂਡ ਵੇਲ੍ਹਜ਼ ਕ੍ਰਿਕਟ ਬੋਰਡ (ਈਸੀਬੀ) ਦੇ ਨਾਲ ਕੇਂਦਰੀ ਇਕਰਾਰ ਹੈ। ਪੇਸ਼ੇਵਰ ਕ੍ਰਿਕਟਰਜ਼ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਈਸੀਬੀ ਨੇ ਖਿਡਾਰੀਆਂ ਦੀ ਤਨਖ਼ਾਹ ਵਿੱਚ 20 ਫ਼ੀਸਦੀ ਦੀ ਕਟੌਤੀ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਖਿਡਾਰੀਆ ਨੇ ਸਵੀਕਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੇਂਦਰੀ ਇਕਰਾਰ ਵਾਲੇ ਖਿਡਾਰੀ ਪਾਕਿਸਤਾਨ ਸੁਪਰ ਲੀਗ (ਪੀਸੀਐੱਲ) ਸਮੇਤ ਦੇਸ਼-ਵਿਦੇਸ਼ ਦੀ ਜ਼ਿਆਦਾਤਰ ਚਾਰ ਟੀ-20 ਲੀਗ ਵਿੱਚ ਵੀ ਹਿੱਸਾ ਲੈ ਸਕਦੇ ਹਨ। ਇਸ ਫ਼ੈਸਲੇ ਤੋਂ ਬਾਅਦ ਟੀਮ ਦੇ ਕੇਂਦਰੀ ਇਕਰਾਰ ਵਾਲੇ ਖਿਡਾਰੀਆਂ ਨੂੰ ਪੀਐੱਸਐੱਲ ਤੋਂ ਇਲਾਵਾ 3 ਵਿਦੇਸ਼ੀ ਲੀਗਾਂ ਦੇ ਲਈ ਅਪਲਾਈ ਕਰਨ ਦੀ ਆਗਿਆ ਮਿਲੇਗੀ।