ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪੈਰੇਂਟਲ ਲੀਵ ਮਿਲਣ 'ਤੇ ਸਾਬਕਾ ਬੱਲੇਬਾਜ਼ ਵੀ.ਵੀ.ਐੱਸ. ਲਕਸ਼ਮਣ ਦਾ ਸਮਰਥਨ ਮਿਲਿਆ। 2006 ਵਿੱਚ ਆਪਣੇ ਪਹਿਲੇ ਬੱਚੇ ਦੇ ਜਨਮ ਸਮੇਂ ਲਕਸ਼ਮਣ ਦੱਖਣੀ ਅਫਰੀਕਾ ਦੇ ਦੌਰੇ 'ਤੇ ਸੀ।
ਲਕਸ਼ਮਣ ਨੇ ਹਾਲਾਂਕਿ, ਕੁੱਝ ਸਾਲ ਬਾਅਦ ਆਪਣੀ ਬੇਟੀ ਦੇ ਜਨਮ ਦੇ ਸਮੇਂ ਰਣਜੀ ਮੈਚ ਛੱਡ ਆਪਣੀ ਪਤਨੀ ਨਾਲ ਰਹਿਣ ਦਾ ਫੈਸਲਾ ਕੀਤਾ ਸੀ।
ਲਕਸ਼ਮਣ ਨੇ ਕਿਹਾ, "ਮੇਰੇ ਖਿਆਲ ਵਿੱਚ ਤੁਹਾਨੂੰ ਇਸ ਦਾ ਆਦਰ ਕਰਨਾ ਚਾਹੀਦਾ ਹੈ। ਹਾਂ, ਤੁਸੀਂ ਇੱਕ ਪੇਸ਼ੇਵਰ ਕ੍ਰਿਕਟਰ ਹੋ, ਪਰ ਤੁਹਾਡਾ ਇੱਕ ਪਰਿਵਾਰ ਵੀ ਹੈ। ਤੁਹਾਨੂੰ ਹਮੇਸ਼ਾ ਪਰਿਵਾਰ ਦਾ ਸਹੀ ਕੰਮ ਕਰਨਾ ਚਾਹੀਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਸਾਨੂੰ ਫੈਸਲੇ ਦਾ ਸਨਮਾਨ ਹੋਣਾ ਲਾਜ਼ਮੀ ਹੈ। ਇਹ ਜ਼ਿੰਦਗੀ ਦਾ ਇੱਕ ਮਹੱਤਵਪੂਰਣ ਪੜਾਅ ਹੈ।”
ਭਾਰਤੀ ਟੀਮ ਇਸ ਸਮੇਂ ਆਸਟਰੇਲੀਆ ਦੇ ਦੌਰੇ 'ਤੇ ਹੈ ਜਿੱਥੇ ਉਨ੍ਹਾਂ ਨੂੰ ਤਿੰਨ ਵਨਡੇ, ਤਿੰਨ ਟੀ -20 ਅਤੇ ਚਾਰ ਟੈਸਟ ਮੈਚ ਖੇਡਣੇ ਹਨ।
ਵਨਡੇ, ਟੀ -20 ਸੀਰੀਜ਼ ਅਤੇ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਘਰ ਪਰਤਣਗੇ। ਬੀ.ਸੀ.ਸੀ.ਆਈ. ਨੇ ਕੋਹਲੀ ਨੂੰ ਪੈਰੇਂਟਲ ਲੀਵ ਲਈ ਮਨਜ਼ੂਰੀ ਦੇ ਦਿੱਤੀ ਹੈ।
ਲਕਸ਼ਮਣ ਭਾਰਤੀ ਟੀਮ ਨਾਲ ਦੱਖਣ ਅਫਰੀਕਾ ਦੌਰੇ 'ਤੇ ਸੀ ਅਤੇ ਤੀਸਰੇ ਅਤੇ ਆਖਰੀ ਟੈਸਟ ਤੋਂ ਬਾਅਦ, ਜੋ ਕਿ 6 ਜਨਵਰੀ 2006 ਨੂੰ ਖਤਮ ਹੋਣਾ ਸੀ, ਉਹ ਆਪਣੀ ਪਤਨੀ ਸ਼ੈਲਜਾ ਕੋਲ ਵਾਪਸ ਆਉਣ ਵਾਲੇ ਸਨ। ਉਨ੍ਹਾਂ ਦੀ ਪਤਨੀ ਦੀ ਡਿਲੀਵਰੀ 10 ਜਨਵਰੀ ਨੂੰ ਹੋਣੀ ਸੀ, ਪਰ 1 ਜਨਵਰੀ ਨੂੰ ਹੀ ਡਿਲੀਵਰੀ ਹੋਣ ਕਾਰਨ ਲਕਸ਼ਮਣ ਆਪਣੀ ਪਤਨੀ ਕੋਲ ਉਸ ਸਮੇਂ ਨਹੀਂ ਰਹਿ ਸਕੇ।
ਜਦੋਂ ਉਨ੍ਹਾਂ ਦੀ ਪਤਨੀ ਦੂਸਰੀ ਵਾਰ ਮਾਂ ਬਣੀ, ਲਕਸ਼ਮਣ ਨੇ ਰਣਜੀ ਟਰਾਫੀ ਮੈਚ ਨਾ ਖੇਡਦਿਆਂ ਆਪਣੀ ਪਤਨੀ ਨਾਲ ਰਹਿਣ ਦਾ ਫੈਸਲਾ ਕੀਤਾ।
ਹੈਦਰਾਬਾਦ ਦੇ ਬੱਲੇਬਾਜ਼ ਨੇ ਕਿਹਾ, “ਮੈਨੂੰ ਯਾਦ ਹੈ ਕਿ ਆਪਣੀ ਧੀ ਦੇ ਜਨਮ ਵੇਲੇ ਮੈਂ ਰਣਜੀ ਟਰਾਫੀ ਮੈਚ ਆਪਣੀ ਪਤਨੀ ਨਾਲ ਰਹਿਣ ਲਈ ਛੱਡਿਆ ਸੀ। ਇਹ ਬਹੁਤ ਖਾਸ ਮਹਿਸੂਸ ਹੁੰਦਾ ਹੈ, ਖ਼ਾਸਕਰ ਜਦੋਂ ਤੁਹਾਡਾ ਪਹਿਲਾ ਬੱਚਾ ਪੈਦਾ ਹੋਣ ਵਾਲਾ ਹੋਵੇ।"