ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੀ ਤੇਜ਼ ਗੇਂਦਬਾਜ਼ੀ ਕਰਦੇ ਹੋਏ ਟੈਸਟ ਮੈਚ 'ਚ ਚੌਥੇ ਓਵਰ ਵਿੱਚ ਹੈਟ੍ਰਿਕ ਲੈ ਕੇ ਵਿੰਡੀਜ਼ ਦੇ ਟਾੱਪ ਆਰਡਰ ਨੂੰ ਖ਼ਤਮ ਕਰ ਦਿੱਤਾ ਹੈ।
416 ਦੌੜਾਂ ਦਾ ਪਿੱਛਾ ਕਰਦਿਆਂ, ਜਦੋਂ ਵਿੰਡੀਜ਼ ਦੇ ਬੱਲੇਬਾਜ਼ ਮੈਦਾਨ ਵਿੱਚ ਆਏ ਤਾਂ ਉਨ੍ਹਾਂ ਨੂੰ ਬੁਮਰਾਹ ਦੀ ਰਫ਼ਤਾਰ ਤੇ ਐਕਸ਼ਨ ਦੇ ਖ਼ਤਰਨਾਕ ਮਿਸ਼ਰਣ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਬੁਮਰਾਹ ਹੁਣ ਤੱਕ ਵਿੰਡੀਜ਼ ਦੀਆਂ 6 ਵਿਕਟਾਂ ਲੈਣ ਵਿੱਚ ਕਾਮਯਾਬ ਰਹੇ ਹਨ।
ਹੋਰ ਪੜ੍ਹੋ : ਪਾਕਿਸਤਾਨ 'ਚ ਸੁਰੱਖਿਆ ਦਾ ਜਾਇਜ਼ਾ ਲੈਣ ਜਾਣਗੇ ਆਸਟ੍ਰੇਲੀਆ ਅਤੇ ਇੰਗਲੈਂਡ ਕ੍ਰਿਕਟ ਦੇ ਸੀਨੀਅਰ ਅਧਿਕਾਰੀ
ਬੁਮਰਾਹ ਨੇ ਆਪਣੇ ਚੌਥੇ ਓਵਰ ਦੀ ਦੂਜੀ ਗੇਂਦ 'ਤੇ ਡਵੇਨ ਬਰਾਵੋ (4) ਨੂੰ ਸਲਿੱਪ 'ਤੇ ਖੜੇ ਕੇ. ਐੱਲ ਰਾਹੁਲ ਦੇ ਹੱਥਾਂ 'ਚ ਕੈਚ ਦਿੱਤਾ, ਜਿਸ 'ਤੇ ਵਿੰਡੀਜ਼ ਨੇ ਡੀਆਰਐਸ ਨੂੰ ਲੈ ਕੇ ਅੰਪਾਇਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ, ਪਰ ਉਹ ਗ਼ਲਤ ਸਾਬਤ ਹੋਇਆ। ਅਗਲੀ ਗੇਂਦ 'ਤੇ ਬੁਮਰਾਹ ਨੇ ਸ਼ਾਮਰਾ ਬਰੂਕਸ (0) ਨੂੰ ਐਲਬੀਡਬਲਯੂ ਕੀਤਾ ਫਿਰ ਬੁਮਰਾਹ ਨੇ ਹੈਟ੍ਰਿਕ ਗੇਂਦ ਯਾਰਕਰ ਮਾਰੀ ਜੋ ਰੋਸਟਨ ਚੇਜ਼ ਦੀ ਲੱਤ 'ਤੇ ਜਾ ਲੱਗੀ।
ਬੁਮਰਾਹ ਨੇ ਅਪੀਲ ਕੀਤੀ ਪਰ ਅੰਪਾਇਰ ਨੇ ਇਸ ਨੂੰ ਆਊਟ ਕਰਾਰ ਨਹੀਂ ਦਿੱਤਾ ਜਿਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਡੀਆਰਐਸ ਲੈਣ ਦਾ ਫ਼ੈਸਲਾ ਲਿਆ, ਹਾਲਾਂਕਿ ਬੁਮਰਾਹ ਨੇ ਡੀਆਰਐਸ ਲਈ ਕਪਤਾਨ ਕੋਲ ਅਪੀਲ ਨਹੀਂ ਕੀਤੀ ਸੀ। ਡੀਆਰਐਸ ਲੈਣ ਤੋਂ ਬਾਅਦ ਅੰਪਾਇਰ ਨੂੰ ਆਪਣਾ ਫ਼ੈਸਲਾ ਉਲਟਾਉਣਾ ਪਿਆ। ਇਸ ਤਰ੍ਹਾਂ ਜਸਪ੍ਰੀਤ ਬੁਮਰਾਹ ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਲੈਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣ ਗਿਆ।
ਜਸਪ੍ਰੀਤ ਬੁਮਰਾਹ ਤੋਂ ਪਹਿਲਾਂ ਹਰਭਜਨ ਸਿੰਘ ਅਤੇ ਇਰਫ਼ਾਨ ਪਠਾਨ ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਦਾ ਇਹ ਕਾਰਨਾਮਾ ਕਰ ਚੁੱਕੇ ਹਨ। ਹਰਭਜਨ ਸਿੰਘ ਨੇ 2001 ਵਿੱਚ ਇਤਿਹਾਸਕ ਕੋਲਕਾਤਾ ਟੈਸਟ ਮੈਚ ਵਿੱਚ ਆਸਟ੍ਰੇਲੀਆ ਦੀ ਦੂਜੀ ਪਾਰੀ ਵਿੱਚ ਹੈਟ੍ਰਿਕ ਲਿਆ ਸੀ। ਇਸ ਦੇ ਨਾਲ ਹੀ ਇਰਫ਼ਾਨ ਪਠਾਨ ਨੇ ਸਾਲ 2006 ਵਿੱਚ ਪਾਕਿਸਤਾਨ ਖ਼ਿਲਾਫ਼ ਕਰਾਚੀ ਟੈਸਟ ਮੈਚ ਵਿੱਚ ਹੈਟ੍ਰਿਕ ਲਈ ਸੀ। ਬੁਮਰਾਹ ਨੇ ਹੁਣ ਤੱਕ ਹੈਟ੍ਰਿਕ ਸਮੇਤ 6 ਵਿਕਟਾਂ ਲਈਆਂ ਹਨ ਜਿਸ ਵਿੱਚ ਵਿੰਡੀਜ਼ ਨੇ 78 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ।