ਰਾਂਚੀ : ਭਾਰਤ ਪਹਿਲਾਂ ਹੀ ਲੜੀ ਆਪਣੇ ਨਾਂਅ ਕਰ ਚੁੱਕਿਆ ਹੈ, ਅੱਜ ਸ਼ੁਰੂ ਹੋਣ ਵਾਲਾ ਤੀਸਰਾ ਟੈਸਟ ਮੈਚ ਰਸਮੀ ਜਿਹਾ ਲੱਗ ਰਿਹਾ ਹੈ, ਪਰ ਇਸ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਮਹੱਤਵਪੂਰਨ ਅੰਕ ਦਾਅ ਉੱਤੇ ਲੱਗੇ ਹੋਣਗੇ ਅਤੇ ਇਸ ਲਈ ਵਿਰਾਟ ਕੋਹਲੀ ਦੀ ਟੀਮ ਦੱਖਣੀ ਅਫ਼ਰੀਕਾ ਵਿਰੁੱਧ ਇਸ ਆਖ਼ਰੀ ਮੈਚ ਵਿੱਚ ਵੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਛੱਡੇਗੀ।
ਇਸ ਮੈਚ ਵਿੱਚ ਜਿੱਤ ਦਰਜ ਕਰਨ ਵਾਲੀ ਟੀਮ ਨੂੰ 40 ਅੰਕ ਮਿਲਣਗੇ। ਭਾਰਤ ਇੰਨ੍ਹਾਂ ਅੰਕਾਂ ਤੋਂ ਇਲਾਵਾ ਲੜੀ ਵਿੱਚ 3-0 ਨਾਲ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ਉੱਤੇ ਉੱਤਰੇਗਾ।
ਭਾਰਤ ਨੇ ਪਹਿਲੇ ਦੋ ਟੈਸਟ ਮੈਚਾਂ ਵਿੱਚ ਦੱਖਣੀ ਅਫ਼ਰੀਕਾ ਉੱਤੇ ਹਰ ਪਾਸੇ ਆਪਣਾ ਦਬਦਬਾ ਬਣਾਇਆ ਹੋਇਆ ਹੈ। ਉਸ ਨੇ ਵਿਸ਼ਾਖ਼ਾਪਟਨਮ ਵਿੱਚ 203 ਦੌੜਾਂ ਨਾਲ ਜਿੱਤ ਦਰਜ ਕੀਤੀ ਅਤੇ ਫ਼ਿਰ ਪੁਣੇ ਟੈਸਟ ਨੂੰ ਪਾਰੀ ਅਤੇ 137 ਦੌੜਾਂ ਨਾਲ ਜਿੱਤ ਕੇ ਫ਼੍ਰੀਡਮ ਟ੍ਰਾਫ਼ੀ ਫਿਰ ਤੋਂ ਹਾਸਲ ਕੀਤੀ।
ਆਖ਼ਰੀ ਟੈਸਟ ਵਿੱਚ ਢਿੱਲ ਨਹੀਂ ਵਰਤੇਗਾ ਭਾਰਤ
ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਹੁਣ ਤੱਕ 4 ਮੈਚਾਂ ਵਿੱਚ 200 ਅੰਕ ਹਨ ਅਤੇ ਭਾਰਤ ਆਪਣੇ ਕਰੀਬੀ ਵਿਰੋਧੀ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਤੋਂ 140 ਅੰਕਾਂ ਨਾਲ ਅੱਗੇ ਹੈ। ਕੋਹਲੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਆਖ਼ਰੀ ਟੈਸਟ ਮੈਚ ਵਿੱਚ ਵੀ ਕਾਫ਼ੀ ਕੁੱਝ ਦਾਅ ਉੱਤੇ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦੀ ਟੀਮ ਕਿਸੇ ਵੀ ਤਰ੍ਹਾਂ ਤੋਂ ਢਿੱਲ ਨਹੀਂ ਵਰਤੇਗੀ।
ਟੀਮਾਂ ਇਸ ਪ੍ਰਕਾਰ ਹਨ :
ਭਾਰਤ : ਵਿਰਾਟ ਕੋਹਲੀ (ਕਪਤਾਨ), ਮਿਅੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅੰਜਿਕਿਆ ਰਹਾਣੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜੁੜੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੱਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਰਿਸ਼ਭ ਪੰਤ, ਸ਼ੁੱਭਮਨ ਗਿੱਲ।
ਦੱਖਣੀ ਅਫ਼ਰੀਕਾ : ਫ਼ਾਫ਼ ਡੂ ਪਲੇਸਿਸ (ਕਪਤਾਨ), ਤੇਮਬਾ ਬਾਵੁਮਾ (ਉਪ-ਕਪਤਾਨ), ਥੇਨਿਸ ਡੀ ਬਰੁਇਨ, ਕਿਵੰਟਨ ਡਿਕਾਕ, ਡੀਨ ਐਲਗਰ, ਜੁਬੈਰ ਹਮਜਾ, ਜਾਰਜ ਲਿੰਡੇ, ਸੇਨੁਰਨ ਮੁਥੁਸਾਮੀ, ਲੂੰਗੀ ਐਨਗਿਡੀ, ਐਰਿਕ ਨਾਟਰਜੇ, ਵਰਨੋਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ, ਰੂਡੀ ਸੈਕੰਡ।
ਇਹ ਵੀ ਪੜ੍ਹੋ : ਭਾਰਤ ਨੇ ਘਰ ਵਿੱਚ ਲਗਾਤਾਰ 11ਵੀਂ ਲੜੀ ਉੱਤੇ ਕਬਜ਼ਾ ਕਰ ਬਣਾਇਆ ਵਿਸ਼ਵ ਰਿਕਾਰਡ