ਕੋਲਕਾਤਾ: ਭਾਰਤ ਨੇ ਸ਼ੁੱਕਰਵਾਰ ਨੂੰ ਇਥੇ ਈਡਨ ਗਾਰਡਨ ਸਟੇਡੀਅਮ ਵਿਚ ਖੇਡੇ ਜਾ ਰਹੇ ਪਹਿਲੇ ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਦਿਨ 68 ਦੌੜਾਂ ਦੀ ਬੜਤ ਬਣਾ ਲਈ ਹੈ।
ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ ਸਨ। ਸਟੰਪਾਂ ਤੱਕ ਕਪਤਾਨ ਵਿਰਾਟ ਕੋਹਲੀ 59 ਅਤੇ ਉਪ ਕਪਤਾਨ ਅਜਿੰਕਿਆ ਰਹਾਣੇ 23 ਦੌੜਾਂ ਖੇਡ ਰਹੇ ਹਨ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿਚ 106 ਦੌੜਾਂ ਹੀ ਬਣਾ ਸਕੀ।
ਭਾਰਤ ਨੇ ਮਯੰਕ ਅਗਰਵਾਲ (14), ਰੋਹਿਤ ਸ਼ਰਮਾ (21) ਅਤੇ ਚੇਤੇਸ਼ਵਰ ਪੁਜਾਰਾ (55) ਦੇ ਵਿਕਟ ਗਵਾਏ ਹਨ।
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਇਸ਼ਾਂਤ ਨੇ ਪੰਜ ਵਿਕਟਾਂ ਆਪਣੇ ਨਾਮ ਕੀਤੀਆਂ।
ਇਹ ਵੀ ਪੜ੍ਹੋ: ਰਜਤ ਸ਼ਰਮਾ ਦੇ ਅਸਤੀਫ਼ੇ ਦੇ ਮਾਮਲੇ ਵਿੱਚ ਹਾਈ ਕੋਰਟ ਨੂੰ ਦਖ਼ਲ ਦੇਣ ਦੀ ਬੇਨਤੀ
ਬੰਗਲਾਦੇਸ਼ ਲਈ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਲਿਟਨ ਦਾਸ ਨੇ 24 ਦੌੜਾਂ ਦਾ ਯੋਗਦਾਨ ਪਾਇਆ ਪਰ ਸੱਟ ਕਾਰਨ ਉਹ ਮੈਚ ਤੋਂ ਬਾਹਰ ਹੋ ਗਿਆ। ਉਸਦੀ ਜਗ੍ਹਾ 'ਤੇ, ਮੈਹੰਦੀ ਹਸਨ ਮਿਰਾਜ ਨੂੰ ਰਿਆਇਤ ਖਿਡਾਰੀ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਈਮ ਹਸਨ ਨੂੰ ਵੀ ਸੱਟ ਲੱਗਣ ਕਾਰਨ ਬਾਹਰ ਜਾਣਾ ਪਿਆ ਅਤੇ ਉਸਦੀ ਜਗ੍ਹਾ 'ਤੇ, ਤਾਈਜ਼ੁਲ ਇਸਲਾਮ ਰਿਆਇਤੀ ਖਿਡਾਰੀ ਦੇ ਤੌਰ' ਤੇ ਟੀਮ 'ਚ ਆਇਆ ਹੈ।
ਦੋਵਾਂ ਟੀਮਾਂ ਵਿਚਾਲੇ ਖੇਡੀ ਜਾ ਰਹੀ ਦੋ ਮੈਚਾਂ ਦੀ ਲੜੀ ਦਾ ਇਹ ਆਖਰੀ ਮੈਚ ਹੈ। ਭਾਰਤ ਲੜੀ ਵਿਚ 1-0 ਨਾਲ ਅੱਗੇ ਹੈ।