ਤਿਰੁਵੰਨਤਮਪੁਰਮ : ਲੇਂਡਲ ਸਿਮੰਸ ਦੀ ਤੂਫ਼ਾਨੀ ਪਾਰੀ ਦੇ ਦਮ ਉੱਤੇ ਵੈਸਟਇੰਡੀਜ਼ ਨੇ ਐਤਵਾਰ ਨੂੰ ਗ੍ਰੀਨਫ਼ੀਲਡ ਅੰਤਰ-ਰਾਸ਼ਟਰੀ ਕ੍ਰਿਕਟ ਸਟੇਡਿਅਮ ਵਿੱਚ ਖੇਡੇ ਗਏ ਦੂਸਰੇ ਟੀ-20 ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ।
ਇਸ ਜਿੱਤ ਤੋਂ ਬਾਅਦ ਵਿੰਡੀਜ਼ ਨੇ 3 ਮੈਚਾਂ ਦੀ ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਹੈਦਰਾਬਾਦ ਵਿਖੇ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਭਾਰਤ ਜਿੱਤ ਦਰਜ ਕਰ ਕੇ ਲੜੀ ਵਿੱਚ ਅੱਗੇ ਆ ਗਿਆ ਸੀ। ਹੁਣ ਮੁੰਬਈ ਵਿੱਚ ਖੇਡਿਆ ਜਾਣ ਵਾਲਾ ਆਖ਼ਰੀ ਮੈਚ ਫ਼ੈਸਲਾਪੂਰਵਕ ਬਣ ਗਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ ਨੇ ਨੌਜਵਾਨ ਸ਼ਿਵਮ ਦੂਬੇ (54) ਦੇ ਪਹਿਲੇ ਅਰਧ-ਸੈਂਕੜੇ ਦੇ ਦਮ ਉੱਤੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 170 ਦੌੜਾਂ ਬਣਾਈਆਂ ਹਨ। ਵਿੰਡੀਜ਼ ਨੇ ਸਿਮੰਸ ਦੀ ਅਗੁਵਾਈ ਵਿੱਚ ਆਪਣੇ ਬੱਲੇਬਾਜ਼ਾਂ ਦੇ ਸੰਯੁਕਤ ਪ੍ਰਦਰਸ਼ਨ ਦੇ ਬਲਬੂਤੇ 171 ਦੌੜਾਂ ਦੇ ਟੀਚੇ ਨੂੰ 18.3 ਓਵਰਾਂ ਵਿੱਚ ਹਾਸਲ ਕਰ ਲਿਆ।
ਸਿਮੰਸ ਨੂੰ ਹਾਲਾਂਕਿ ਵਾਸ਼ਿੰਗਟਨ ਸੁੰਦਰ ਨੇ ਕੈਚ ਛੱਡ ਕੇ ਇੱਕ ਜੀਵਨਦਾਨ ਦਿੱਤਾ। ਇਸ ਜੀਵਨਦਾਨ ਦਾ ਸਿਮੰਸ ਨੇ ਪੂਰਾ ਫ਼ਾਇਦਾ ਚੁੱਕਿਆ ਅਤੇ 45 ਗੇਂਦਾਂ ਉੱਤੇ ਨਾਬਾਦ 67 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 4 ਚੌਕੇ ਅਤੇ 4 ਛੱਕੇ ਸ਼ਾਮਲ ਹਨ।
ਸਿਮੰਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਐਵਿਨ ਲੁਇਸ ਨੂੰ ਵੀ ਜੀਵਨਦਾਨ ਮਿਲਿਆ। ਲੁਇਸ ਦਾ ਕੈਚ ਵਿਕਟਕੀਪਰ ਰਿਸ਼ਭ ਪੰਤ ਨੇ ਛੱਡਿਆ। ਇਹ ਦੋਵੇਂ ਕੈਚ ਇੱਕ ਹੀ ਓਵਰ ਵਿੱਚ ਭੁਵਨੇਸ਼ਵਰ ਦੀ ਗੇਂਦ ਉੱਤੇ ਛੱਡੇ ਗਏ। ਲੁਇਸ ਨੇ 35 ਗੇਂਦਾਂ ਵਿੱਚ 3 ਚੌਕੇ ਅਤੇ 3 ਛੱਕੇ ਲਾ ਕੇ 40 ਦੌੜਾਂ ਬਣਾਈਆਂ। ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸਿਮੰਸ ਦੇ ਨਾਲ ਪਹਿਲੀ ਵਿਕਟ ਦੇ ਲਈ 73 ਦੌੜਾਂ ਦੀ ਸਾਂਝਦਾਰੀ ਕੀਤੀ।
ਲੁਇਸ ਦੇ ਜਾਣ ਦਾ ਅਸਰ ਸਿਮੰਸ ਉੱਤੇ ਨਹੀਂ ਦਿਖਿਆ। ਉਹ ਆਪਣੇ ਖੇਡ ਨੂੰ ਜਾਰੀ ਰੱਖਣ ਵਿੱਚ ਸਫ਼ਲ ਰਹੇ। ਲੁਇਸ ਦੀ ਘਾਟ ਨੂੰ ਸ਼ਿਮਰਨ ਹੇਟਮੇਅਰ ਨੇ ਪੂਰਾ ਕੀਤਾ ਅਤੇ ਤੇਜ਼ੀ ਨਾਲ ਦੌੜਾਂ ਬਣਾਈਆਂ। ਹੇਟਮੇਅਰ ਦੇ ਤੂਫ਼ਾਨ ਨੂੰ ਕੋਹਲੀ ਨੇ ਲਾਂਗ ਆਫ਼ ਉੱਤੇ ਸ਼ਾਨਦਾਰ ਕੈਚ ਫੜ ਕੇ ਰੋਕਿਆ। ਹੇਟਮੇਅਰ ਨੇ 14 ਗੇਂਦਾਂ ਉੱਤੇ 3 ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
ਸਿਮੰਸ ਨੇ ਇਸ ਵਿਚਕਾਰ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਅਤੇ ਦੂਸਰੇ ਪਾਸੇ ਤੋਂ ਨਿਕੋਲਸ ਪੂਰਨ ਨੇ ਭਾਰਤੀ ਗੇਂਦਬਾਜ਼ਾਂ ਨੂੰ ਬਾਉਂਡਰੀ ਦੇ ਪਾਰ ਭੇਜਣ ਦਾ ਕੰਮ ਜਾਰੀ ਰੱਖਿਆ। ਸਿਮੰਸ ਦੇ ਨਾਲ ਪੂਰਨ ਵੀ ਨਾਬਾਦ ਰਹੇ। ਪੂਰਨ ਨੇ 18 ਗੇਂਦਾਂ ਵਿੱਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 38 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ, ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕ ਰਹੀ ਭਾਰਤੀ ਟੀਮ ਲਈ ਸ਼ਿਵਮ ਦੁੱਬੇ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਉਸ ਨੇ 24 ਦੌੜਾਂ ਦੇ ਕੁੱਲ ਸਕੋਰ ਉੱਤੇ ਲੋਕੇਸ਼ ਰਾਹੁਲ ਦਾ ਵਿਕਟ ਗੁਆ ਦਿੱਤਾ। ਰਾਹੁਲ ਦਾ ਕੈਚ ਖਾਰੇ ਪਿਅਰੇ ਦੀ ਗੇਂਦ ਉੱਤੇ ਹੇਟਮੇਅਰ ਨੇ ਕੀਤਾ।
ਇਸ ਤੋਂ ਬਾਅਦ ਕਪਤਾਨ ਕੋਹਲੀ ਨੇ ਤੀਸਰੇ ਕ੍ਰਮ ਉੱਤੇ ਖ਼ੁਦ ਨਾ ਆ ਕੇ ਸ਼ਿਵਮ ਨੂੰ ਭੇਜਿਆ। ਦੁੱਬੇ ਨੇ ਵਧੀਆ ਬੱਲੇਬਾਜ਼ੀ ਵੱਲ ਰੋਹਿਤ ਸ਼ਰਮਾ ਦੇ ਨਾਲ ਸਕੋਰ ਨੂੰ 50 ਦੇ ਪਾਰ ਲੈ ਆਉਂਦਾ ਪਰ 56 ਦੀ ਕੁੱਲ ਸਾਂਝਦਾਰੀ ਉੱਤੇ ਰੋਹਿਤ ਵੀ ਆਉਟ ਹੋ ਗਏ। ਰੋਹਿਤ ਨੂੰ ਜੇਸਨ ਹੋਲਟਰ ਨੇ ਬੋਲਡ ਕੀਤਾ।
ਹੁਣ ਖ਼ੁਦ ਕੋਹਲੀ ਵਿਕਟ ਉੱਤੇ ਆਏ। ਇਸੇ ਦਰਮਿਆਨ ਸ਼ਿਵਮ ਨੇ ਆਪਣਾ ਪਹਿਲਾ ਟੀ-20 ਅਰਧ-ਸੈਂਕੜਾ ਪੂਰਾ ਕੀਤਾ ਪਰ 97 ਦੀ ਕੁੱਲ ਸਾਂਝਦਾਰੀ ਉੱਤੇ ਉਹ ਗ਼ਲਤ ਸ਼ਾਟ ਖੇਡ ਕੇ ਆਉਟ ਹੋ ਗਏ। ਦੁੱਬੇ ਨੇ 30 ਗੇਂਦਾਂ ਦੀ ਪਾਰੀ ਵਿੱਚ 3 ਚੌਕੇ ਅਤੇ 4 ਛੱਕੇ ਲਾਏ। ਦੁੱਬੇ ਦਾ ਵਿਕਟ ਹੇਡਨ ਵਾਲਸ਼ ਦੇ ਖ਼ਾਤੇ ਵਿੱਚ ਗਿਆ।
ਹੈਦਰਾਬਾਦ ਵਿੱਚ 94 ਦੌੜਾਂ ਦੀ ਵਧੀਆ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਵਾਉਣ ਵਾਲੇ ਕੋਹਲੀ ਇਸ ਮੈਚ ਵਿੱਚ ਕਮਾਲ ਨਹੀਂ ਕਰ ਸਕੇ ਅਤੇ 19 ਦੌੜਾਂ ਬਣਾ ਕੇ ਕੇਸਰਿਕ ਵਿਲਿਅੰਸ ਦੀ ਗੇਂਦ ਉਤੇ ਸਿਮੰਸ ਦੇ ਹੱਥੋਂ ਕੈਚ ਦੇ ਕੇ ਆਊਟ ਹੋ ਗਏ। ਉਸ ਸਮੇਂ ਕੁੱਲ ਸਕੋਰ 120 ਦੌੜਾਂ ਸੀ। ਕੋਹਲੀ ਨੇ 17 ਗੇਂਦਾਂ ਉੱਤੇ 2 ਚੌਕੇ ਲਾਏ।
ਇਹੀ ਹਾਲ ਰਵਿੰਦਰ ਜਡੇਜਾ ਦਾ ਹੋਇਆ। ਉਹ 9 ਦੌੜਾਂ ਦੇ ਨਿੱਜੀ ਸਕੋਰ ਉੱਤੇ ਵਿਲਿਅਮਜ਼ ਦੀ ਗੇਂਦ ਉੱਤੇ ਬੋਲਡ ਹੋ ਗਏ। ਉਨ੍ਹਾਂ ਦਾ ਵਿਕਟ 164 ਦੌੜਾਂ ਦੇ ਕੁੱਲ ਸਕੋਰ ਉੱਤੇ ਗਿਰਿਆ। ਸੁੰਦਰ ਨੂੰ ਸ਼ੈਲਟਨ ਨੇ ਆਉਟ ਕੀਤਾ। ਕਾਟਰੇਲ ਨੇ ਆਪਣੀ ਹੀ ਗੇਂਦ ਉੱਤੇ ਸੁੰਦਰ ਦਾ ਕੈਚ ਲੈਣ ਤੋਂ ਬਾਅਦ ਬਕਾਇਦਾ ਸਲਾਮੀ ਦੇ ਕੇ ਉਨ੍ਹਾਂ ਨੂੰ ਵਿਦਾ ਕੀਤਾ।
ਰਿਸ਼ਭ ਪੰਤ 22 ਗੇਂਦਾਂ ਉੱਤੇ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾ ਕੇ ਨਾਬਾਦ ਰਹੇ। ਵਿੰਡਿਜ਼ ਦੇ ਲਈ ਵਾਲਸ਼ ਅਤੇ ਵਿਲਿਅਮਜ਼ ਨੇ 2-2 ਵਿਕਟਾਂ ਲਈਆਂ।