ਪੇਸ਼ਾਵਰ : ਪਾਕਿਸਤਾਨ ਦੇ ਪਹਿਲੀ ਸ਼੍ਰੇਣੀ ਦੇ ਕ੍ਰਿਕਟਰ ਜਫ਼ਰ ਸਰਫ਼ਰਾਜ਼ ਦੀ ਕੋਰੋਨਾ ਵਾਇਰਸ ਕਰ ਕੇ ਮੌਤ ਹੋ ਗਈ ਹੈ।
ਮੀਡਿਆ ਰਿਪੋਰਟਾਂ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸਰਫ਼ਰਾਜ਼ ਨੇ ਸੋਮਵਾਰ ਦੇਰ ਰਾਤ ਲੇਡੀ ਰੀਡਿੰਗ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ।
50 ਸਾਲਾ ਸਰਫ਼ਰਾਜ਼ ਪਾਕਿਸਤਾਨ ਦੇ ਪਹਿਲੇ ਪੇਸ਼ੇਵਰ ਕ੍ਰਿਕਟ ਖਿਡਾਰੀ ਹਨ, ਜਿੰਨ੍ਹਾਂ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋਈ ਹੈ। ਪਿਛਲੇ ਮੰਗਲਵਾਰ ਨੂੰ ਉਨ੍ਹਾਂ ਦਾ ਟੈਸਟ ਪੌਜ਼ੀਟਿਵ ਪਾਇਆ ਗਿਆ ਸੀ ਅਤੇ ਉਹ ਪਿਛਲੇ 3 ਦਿਨਾਂ ਤੋਂ ਵੈਂਟੀਲੇਟਰ ਉੱਤੇ ਸਨ।
ਜਫ਼ਰ ਸਰਫ਼ਰਾਜ ਨੇ 1988 ਤੋਂ 1944 ਦੇ ਦਰਿਮਆਨ ਪਹਿਲੀ ਸ਼੍ਰੇਣੀ ਅਤੇ 1990 ਤੋਂ 1992 ਦਰਮਿਆਨ ਏ-ਸੂਚੀ ਕ੍ਰਿਕਟ ਖੇਡੀ ਸੀ। ਉਨ੍ਹਾਂ ਨੇ ਪੇਸ਼ਾਵਰ ਦੇ ਲਈ 15 ਪਹਿਲੀ ਸ਼੍ਰੇਣੀ ਵਿੱਚ 616 ਦੌੜਾਂ ਬਣਾਈਆਂ ਸਨ। ਉਹ 2000 ਦੇ ਮੱਧ ਵਿੱਚ ਪੇਸ਼ਾਵਰ ਦੀ ਸੀਨੀਅਰ ਅਤੇ ਅੰਡਰ-19 ਟੀਮ ਦੇ ਕੋਚ ਵੀ ਸਨ।
ਕੋਰੋਨਾ ਦੇ ਕਾਰਨ ਪਿਛਲੇ ਹੀ ਮਹੀਨੇ ਪਾਕਿਸਤਾਨ ਦੇ ਸਾਬਕਾ ਸਕਵੈਸ਼ ਖਿਡਾਰੀ ਆਜਮ ਖ਼ਾਨ ਦਾ 95 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਲੰਡਨ ਦੇ ਇਲਿੰਗ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋਈ ਸੀ। ਆਜਮ ਨੂੰ ਦੁਨੀਆਂ ਦੇ ਸਰਵਸ਼੍ਰੇਠ ਸਵਕੈਸ਼ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1959 ਅਤੇ 1961 ਵਿੱਚ ਬ੍ਰਿਟਿਸ਼ ਓਪਨ ਖ਼ਿਤਾਬ ਜਿੱਤਿਆ ਸੀ।
ਦੱਸ ਦਈਏ ਕਿ ਪਾਕਿਸਤਾਨ ਵਿੱਚ ਕੋਰੋਨਾ ਨਾਲ ਹੁਣ ਤੱਕ 96 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 5,493 ਹੋ ਗਈ ਹੈ।