ਨਵੀਂ ਦਿੱਲੀ: ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਬੋਰਡ (ਡੀਡੀਸੀਏ) ਦੇ ਸਕੱਤਰ ਵਿਨੋਦ ਤਿਹਾਰਾ ਕਥਿਤ ਰੂਪ ਤੋਂ ਜੀਐੱਸਟੀ ਮਾਪਦੰਡਾਂ ਦਾ ਪਾਲਨ ਨਾ ਕਰਨ ਕਰਕੇ ਇਨ੍ਹੀਂ ਦਿਨੀਂ ਜੇਲ੍ਹ ਵਿੱਚ ਹਨ। ਜਦਕਿ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੇ ਖ਼ੁਦ ਨੂੰ ਕੋਵਿਡ-19 ਦੇ ਲੱਛਣਾਂ ਕਾਰਨ ਏਕਾਂਤਵਾਸ ਕਰ ਲਿਆ ਹੈ।
ਮੇਰਠ ਐੱਸਐੱਸਪੀ ਅਜੇ ਸਾਹਨੀ ਨੇ ਕਿਹਾ ਕਿ ਦਿੱਲੀ ਦੇ ਵਾਸੀ ਵਿਨੋਦ ਤਿਹਾਰਾ ਨਾਂਅ ਦੇ ਇੱਕ ਵਿਅਕਤੀ ਨੂੰ ਜੀਐੱਸਟੀ ਮਾਪਦੰਡਾਂ ਦੀ ਉਲੰਘਣਾ ਦੇ ਦੋਸ਼ਾਂ ਹੇਠ 17 ਮਾਰਚ ਨੂੰ ਫ਼ੰਡ ਖ਼ੁਫੀਆ ਡਾਇਰੈਕਟੋਰੇਟ (ਡੀਆਰਆਈ) ਦੀ ਨੋਇਡਾ ਸ਼ਾਖ਼ਾ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਹਨ।
ਹਾਲਾਂਕਿ ਉਨ੍ਹਾਂ ਉੱਤੇ ਉਲੰਘਣਾ ਦੇ ਜੋ ਦੋਸ਼ ਲੱਗੇ ਹਨ, ਉਹ ਕਿਸ ਤਰ੍ਹਾਂ ਦੇ ਸਨ, ਇਸ ਨੂੰ ਲੈ ਕੇ ਹਾਲੇ ਕੋਈ ਵੀ ਸਪੱਸ਼ਟਤਾ ਨਹੀਂ ਹੈ। ਤਿਹਾਰਾ ਬੀਸੀਸੀਆਈ ਵਿੱਚ ਦਿੱਲੀ ਕ੍ਰਿਕਟ ਦੇ ਮੈਂਬਰ ਹਨ ਅਤੇ ਸੂਬਾ ਦੀ ਕ੍ਰਿਕਟ ਸੰਸਥਾ ਦੇ ਮੌਜੂਦਾ ਅਧਿਕਾਰੀ ਹਨ। ਮਾਰਚ ਦੇ ਮੱਧ ਤੋਂ ਹੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ ਅਤੇ ਜਿਸ ਨਾਲ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਸਮੇਤ ਡੀਡੀਸੀਏ ਅਧਿਕਾਰੀ ਘਬਰਾਏ ਹੋਏ ਹਨ।
ਡੀਡੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਸਾਨੂੰ ਲੱਗਿਆ ਕਿ ਵਿਨੋਦ ਨੂੰ ਕੋਵਿਡ-19 ਦੇ ਲਈ ਪੌਜ਼ੀਟਿਵ ਪਾਇਆ ਜਾ ਚੁੱਕਿਆ ਹੈ। ਇੱਕ ਦੋ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਸੀ ਤਾਂ ਉਨ੍ਹਾਂ ਦੱਸਿਆ ਕਿ ਉਹ ਅਲੱਗ ਰਹਿ ਰਹੇ ਹਨ। ਉਨ੍ਹਾਂ ਦਾ ਫ਼ੋਨ ਪਿਛਲੇ ਇੱਕ ਮਹੀਨੇ ਤੋਂ ਬੰਦ ਹੈ।