ਨਵੀਂ ਦਿੱਲੀ: ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਉਹ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮਨਪਸੰਦ ਬੱਲੇਬਾਜ਼ੀ ਸਾਥੀ ਮੰਨਦੇ ਹਨ। ਪੰਤ ਨੇ ਮੰਨਿਆ ਕਿ ਇਨ੍ਹਾਂ ਦੋਵਾਂ ਨੂੰ ਮਿਲ ਕੇ ਬੱਲੇਬਾਜ਼ੀ ਕਰਨ ਦਾ ਬਹੁਤ ਹੀ ਘੱਟ ਮੌਕਾ ਮਿਲਦਾ ਹੈ ਪਰ ਜਦੋਂ ਵੀ ਮੌਕਾ ਮਿਲਦਾ ਹੈ, ਤਾਂ ਉਹ ਇਸ ਦਾ ਪੂਰਾ ਲਾਭ ਲੈਣਾ ਚਾਹੁੰਦੇ ਹਨ।
ਪੰਤ ਨੂੰ ਧੋਨੀ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ ਪਰ ਉਹ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਸਨ ਤੇ ਇਸ ਸਾਲ ਨਿਊਜ਼ੀਲੈਂਡ ਵਿੱਚ ਸੀਮਤ ਓਵਰਾਂ ਵਿੱਚ ਲੋਕੇਸ਼ ਰਾਹੁਲ ਦੀ ਥਾਂ ਲਏ ਗਏ ਸਨ।
ਪੰਤ ਨੇ ਟਵਿੱਟਰ 'ਤੇ ਆਪਣੀ ਆਈਪੀਐਲ ਦੀ ਫਰੈਂਚਾਇਜ਼ੀ ਦਿੱਲੀ ਕੈਪੀਟਲ ਨਾਲ ਗੱਲਬਾਤ ਕਰਦਿਆਂ ਕਿਹਾ, 'ਮੇਰੇ ਸਭ ਤੋਂ ਪਸੰਦੀਦਾ ਬੱਲੇਬਾਜ਼ ਧੋਨੀ ਹਨ, ਪਰ ਮੈਨੂੰ ਉਨ੍ਹਾਂ ਨਾਲ ਬੱਲੇਬਾਜ਼ੀ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲਦਾ। ਪਰ ਜੇ ਉਹ ਮੈਦਾਨ 'ਤੇ ਹਨ ਤਾਂ ਸਭ ਕੁਝ ਠੀਕ ਹੈ। ਉਨ੍ਹਾਂ ਦਾ ਦਿਮਾਗ ਤੇ ਕੰਮ ਕਰਨ ਦਾ ਤਰੀਕਾ ਅਵਿਸ਼ਵਾਸਯੋਗ ਹੈ, ਖ਼ਾਸਕਰ ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ।"
ਪੰਤ ਨੇ ਇਹ ਵੀ ਕਿਹਾ ਕਿ ਉਹ ਟੀਮ ਦੇ ਸੀਨੀਅਰ ਖਿਡਾਰੀਆਂ ਨਾਲ ਬੱਲੇਬਾਜ਼ੀ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਨੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਕਿਹਾ ਮੈਂ ਵਿਰਾਟ ਅਤੇ ਰੋਹਿਤ ਨਾਲ ਬੱਲੇਬਾਜ਼ੀ ਕਰਨਾ ਵੀ ਪਸੰਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਵੱਖਰਾ ਤਜਰਬਾ ਹੁੰਦਾ ਹੈ ਜਦੋਂ ਤੁਸੀਂ ਇਨ੍ਹਾਂ ਸੀਨੀਅਰ ਬੱਲੇਬਾਜ਼ਾਂ ਨਾਲ ਬੱਲੇਬਾਜ਼ੀ ਕਰਦੇ ਹੋ।