ਆਕਲੈਂਡ: ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਆਲਰਾਊਂਡਰ ਕੋਰੀ ਐਂਡਰਸਨ ਆਈਪੀਐੱਲ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵਾਂ ਦੀ ਕਪਤਾਨੀ ਵਿੱਚ ਖੇਡ ਚੁੱਕੇ ਹਨ। ਰਾਇਲ ਚੈਲੇਂਜਰ ਬੈਂਗਲੋਰ ਵਿੱਚ ਉਹ ਵਿਰਾਟ ਦੀ ਕਪਤਾਨੀ ਹੇਠ ਖੇਡੇ ਅਤੇ ਰੋਹਿਤ ਦੀ ਕਪਤਾਨੀ ਹੇਠ ਉਹ ਮੁੰਬਈ ਇੰਡੀਅਨਜ਼ ਦੇ ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ ਦੋਵਾਂ ਦੀ ਕਪਤਾਨੀ ਨੂੰ ਲੈ ਕੇ ਆਪਣੀ ਰਾਇ ਰੱਖੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਹੀ ਰਣਨੀਤੀ ਬਣਾਉਣ ਦੇ ਮਾਮਲੇ ਵਿੱਚ ਮਾਹਿਰ ਹਨ।
ਐਂਡਰਸਨ ਨੇ ਕਿਹਾ ਕਿ ਦੋਵੇਂ ਹੀ ਬਹੁਤ ਵਧੀਆ ਕਪਤਾਨ ਹਨ, ਮੈਨੂੰ ਲੱਗਦਾ ਹੈ ਕਿ ਰੋਹਿਤ ਥੋੜੇ ਸ਼ਾਂਤ ਕਪਤਾਨ ਹਨ, ਉਹ ਜਨੂੰਨੀ ਹਨ ਅਤੇ ਜਿੱਤਣਾ ਚਾਹੁੰਦੇ ਹਨ, ਪਰ ਉਹ ਆਪਣੀ ਭਾਵਨਾ ਥੋੜੀ ਲੁਕਾ ਕੇ ਰੱਖਦੇ ਹਨ। ਉੱਥੇ ਵਿਰਾਟ ਦੀ ਗੱਲ ਕਰੀਏ ਤਾਂ ਉਹ ਮੈਦਾਨ ਉੱਤੇ ਕਾਫ਼ੀ ਭਾਵੁਕ ਹੋ ਕੇ ਉੱਤਰਦੇ ਹਨ, ਜੋ ਦਿਖਦਾ ਵੀ ਹੈ। ਪਰ ਦੋਵੇਂ ਹੀ ਕਪਤਾਨ ਟੀਮ ਦੀ ਅਗਵਾਈ ਸ਼ਾਨਦਾਰ ਤਰੀਕੇ ਨਾਲ ਕਰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਦੋਵੇਂ ਰਣਨੀਤੀ ਦੇ ਮਾਮਲੇ ਵਿੱਚ ਕਾਫ਼ੀ ਵਧੀਆ ਹਨ, ਉਹ ਆਪਣੇ ਖੇਡ ਨੂੰ ਸਮਝਦੇ ਹਨ ਅਤੇ ਜਾਣਦੇ ਹਨ ਕਿ ਜਿੱਤ ਕਿਵੇਂ ਦਰਜ ਕਰਨੀ ਹੈ। ਇਹੀ ਕਾਰਨ ਹੈ ਕਿ ਟੀਮ ਇੰਡੀਆ ਇੰਨੀ ਸਫ਼ਲ ਟੀਮ ਰਹੀ ਹੈ।
ਕੋਰੀ ਨੇ ਰੋਹਿਤ ਨੂੰ ਆਪਣਾ ਪਸੰਦੀਦਾ ਕ੍ਰਿਕਟਰ ਦੱਸਿਆ। ਉਨ੍ਹਾਂ ਦੱਸਿਆ ਕਿ ਰੋਹਿਤ ਸ਼ਰਮਾ ਮੇਰੇ ਪੰਸਦੀਦਾ ਖਿਡਾਰੀਆਂ ਵਿੱਚੋਂ ਇੱਕ ਹਨ, ਜਦ ਉਹ ਪੂਰੀ ਤਰ੍ਹਾਂ ਲੈਅ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਦੇਖਣ ਵਿੱਚ ਮਜ਼ਾ ਆਉਂਦਾ ਹੈ। ਉਹ ਕ੍ਰਿਕਟ ਨੂੰ ਦੁਨੀਆ ਦਾ ਸਭ ਤੋਂ ਸੌਖਾ ਖੇਡ ਬਣਾ ਲੈਂਦੇ ਹਨ। ਦੁਨੀਆ ਦੇ ਚੋਟੀ ਦੇ ਕ੍ਰਿਕਟਰ ਅਜਿਹਾ ਹੀ ਕਰਦੇ ਹਨ।
ਉਨ੍ਹਾਂ ਨੇ ਆਈਪੀਐੱਲ ਦੀ ਵੀ ਜੰਮ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਇਸ ਦੇ ਰਾਹੀਂ ਨੌਜਵਾਨ ਭਾਰਤੀ ਖਿਡਾਰੀਆਂ ਨੂੰ ਇੱਕ ਵੱਡਾ ਮੰਚ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਭਵਿੱਖ ਦੇ ਕਪਤਾਨ ਦੇ ਲਈ ਵੀ ਇਹ ਸਿੱਖਣ ਦੇ ਲਈ ਵਧੀਆ ਮੌਕਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਬਹੁਤ ਅਜਿਹੇ ਖਿਡਾਰੀ ਹਨ ਜੋ ਆਈਪੀਐੱਲ ਵਿੱਚ ਕਪਤਾਨੀ ਕਰ ਚੁੱਕੇ ਹਨ। ਜੇ ਕੋਈ ਸੱਟ ਦੇ ਚੱਲਦਿਆਂ ਟੀਮ ਤੋਂ ਬਾਹਰ ਹੁੰਦਾ ਹੈ ਜਾਂ ਉਹ ਕਦੇ ਵੀ ਤੁਹਾਡੀ ਥਾਂ ਉੱਤੇ ਆਉਂਦਾ ਹੈ, ਤਾਂ ਇਸ ਨਾਲ ਮਦਦ ਮਿਲਦੀ ਹੈ।