ਹੈਦਰਾਬਾਦ: ਭਾਰਤ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਆਸਟ੍ਰੇਲੀਆ ਵਿੱਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਚ ਇਕਸਾਰਤਾ ਦੀ ਘਾਟ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਗੇਂਦਬਾਜ਼ਾਂ ਕੋਲ ਉੱਚ ਪੱਧਰ ਦੀ ਤਾਕਤ ਹੈ ਅਤੇ ਉਨ੍ਹਾਂ ਨੇ ਪਿਛਲੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਸੀ, ਪਰ ਇਸ ਸਮੇਂ ਟੀਮ ਇਨ੍ਹਾਂ ਗੇਂਦਬਾਜ਼ਾਂ ਦੇ ਮਾੜੇ ਫਾਰਮ ਦੀ ਕੀਮਤ ਅਦਾ ਕਰ ਰਹੀ ਹੈ।
ਇਰਫਾਨ ਪਠਾਨ ਨੇ ਟਵੀਟ ਕਰਕੇ ਕਿਹਾ, "ਗੇਂਦਬਾਜ਼ਾਂ ਦੀ ਯੋਗਤਾ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਪਰ ਨਿਰੰਤਰਤਾ ਇੱਕ ਵੱਡਾ ਸਵਾਲ ਹੈ।"
ਫਿਲਹਾਲ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਆਪਣੇ ਫਾਰਮ ਨਾਲ ਜੂਝ ਰਹੇ ਹਨ। ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਪਹਿਲੇ ਤੇ ਦੂਜੇ ਵਨਡੇ ਮੈਚਾਂ ਵਿੱਚ ਭਾਰਤੀ ਗੇਂਦਬਾਜ਼ਾਂ ਨੂੰ ਜ਼ਬਰਦਸਤ ਹਰਾਇਆ ਹੈ। ਜਦੋਂ ਕਿ ਮੇਜ਼ਬਾਨ ਟੀਮ ਨੇ ਪਹਿਲੇ ਵਨਡੇ ਮੈਚ ਵਿੱਚ 374 ਦੌੜਾਂ ਬਣਾਈਆਂ ਸਨ, ਉਸੇ ਸਮੇਂ ਦੂਸਰੇ 'ਚ ਭਾਰਤ ਨੇ 390 ਦੌੜਾਂ ਦਾ ਟੀਚਾ ਦਿੱਤਾ ਸੀ।
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਿਲਕੁਲ ਵੀ ਰੰਗ ਵਿੱਚ ਨਜ਼ਰ ਨਹੀਂ ਆਏ। ਉਨ੍ਹਾਂ ਨੇ ਦੋ ਮੈਚਾਂ ਵਿੱਚ ਮਹਿਜ਼ ਦੋ ਵਿਕਟਾਂ ਲਈਆਂ ਹਨ ਅਤੇ ਦੋਵੇਂ ਵਾਰ ਉਨ੍ਹਾਂ ਨੇ 70 ਤੋਂ ਵੱਧ ਦੌੜਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਅਤੇ ਨੌਜਵਾਨ ਨਵਦੀਪ ਸੈਣੀ ਵੀ ਮਹਿੰਗੇ ਸਾਬਤ ਹੋਏ ਹਨ।
ਨਾ ਸਿਰਫ ਤੇਜ਼ ਗੇਂਦਬਾਜ਼, ਬਲਕਿ ਸਪਿਨਰ ਵੀ ਸਿਡਨੀ ਗਰਾਉਂਡ 'ਤੇ ਦੋਵੇਂ ਮੈਚਾਂ 'ਚ ਬੇਅਸਰ ਨਜ਼ਰ ਆਏ। ਸਪਿਨ ਗੇਂਦਬਾਜ਼ੀ ਦੀ ਕਪਤਾਨੀ ਕਰ ਰਹੇ ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਵੀ ਹੁਣ ਤੱਕ ਆਪਣਾ ਪ੍ਰਭਾਵ ਨਹੀਂ ਦਿਖਾ ਸਕੇ ਹਨ। ਕੁਲਦੀਪ ਯਾਦਵ ਅਤੇ ਨੌਜਵਾਨ ਟੀ. ਨਟਰਾਜਨ ਵੀ ਟੀਮ ਦਾ ਹਿੱਸਾ ਹਨ, ਅਤੇ ਉਨ੍ਹਾਂ ਨੂੰ ਬੁੱਧਵਾਰ ਨੂੰ ਆਖਰੀ ਵਨਡੇ ਦੌਰਾਨ ਮੌਕਾ ਮਿਲਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਸਿਡਨੀ ਕ੍ਰਿਕਟ ਗਰਾਉਂਡ (ਐਸਸੀਜੀ) 'ਤੇ ਲਗਾਤਾਰ ਦੋ ਵਨਡੇ ਮੈਚਾਂ ਦੀ ਹਾਰ ਕਾਰਨ ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ 'ਚ 0-2 ਨਾਲ ਹਾਰ ਗਈ ਹੈ। ਭਾਰਤੀ ਟੀਮ ਨੂੰ ਪਹਿਲੇ ਮੈਚ ਵਿੱਚ 66 ਦੌੜਾਂ ਨਾਲ ਹਾਰ ਝੱਲਣੀ ਪਈ। ਇਸ ਦੇ ਨਾਲ ਹੀ 29 ਨਵੰਬਰ ਨੂੰ ਦੂਜੇ ਵਨਡੇ ਦੌਰਾਨ 51 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।