ਨਵੀਂ ਦਿੱਲੀ: ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀਏਆਈ) ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਕਾਰਨ 23 ਮਾਰਚ ਤੋਂ ਆਪਣਾ ਦਫ਼ਤਰ ਬੰਦ ਕਰ ਰਹੀ ਹੈ। ਬੀ.ਏ.ਆਈ. ਨੇ ਇੱਕ ਬਿਆਨ ਵਿੱਚ ਕਿਹਾ, "ਸਥਿਤੀ ਨੂੰ ਵੇਖਦਿਆਂ ਸਟਾਫ਼ ਦੀ ਸਿਹਤ ਨੂੰ ਪਹਿਲ ਦੇਣ ਦਾ ਇਹ ਹੀ ਸਹੀ ਫੈਸਲਾ ਲੱਗਿਆ ਕਿ ਦਫ਼ਤਰ ਬੰਦ ਕਰ ਦਿੱਤਾ ਜਾਵੇ।"
ਬਿਆਨ ਵਿੱਚ ਕਿਹਾ ਗਿਆ ਹੈ ਕਿ 31 ਮਾਰਚ ਤੋਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਬੀਏਆਈ ਨੇ ਆਪਣੇ ਸਟਾਫ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਸਿਰਫ਼ ਉਦੋਂ ਦਫ਼ਤਰ ਆਉਣ ਲਈ ਕਿਹਾ ਹੈ ਜਦੋਂ ਕੋਈ ਜ਼ਰੂਰੀ ਕੰਮ ਹੋਵੇ।
ਬੀਏਆਈ ਤੋਂ ਪਹਿਲਾਂ, ਬੀਸੀਸੀਆਈ, ਬੰਗਾਲ ਕ੍ਰਿਕਟ ਐਸੋਸੀਏਸ਼ਨ ਅਤੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਨੇ ਵੀ ਆਪਣੇ ਦਫ਼ਤਰ ਬੰਦ ਕਰ ਦਿੱਤੇ ਹਨ। ਖੇਡ ਮੰਤਰਾਲੇ ਨੇ ਸਾਰੀਆਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ 15 ਅਪ੍ਰੈਲ ਤੱਕ ਆਪਣੀਆਂ ਸਾਰੀਆਂ ਗਤੀਵਿਧੀਆਂ ਬੰਦ ਕਰਨ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ: NBA ਸਟਾਰ ਕੇਵਿਨ ਡਿਓਰੇਂਟ ਵੀ ਹੋਏ ਕੋਰੋਨਾ ਵਾਇਰਸ ਨਾਲ ਗ੍ਰਸਤ
ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਓਲੰਪਿਕਸ ਨੂੰ ਸੱਭ ਤੋਂ ਵੱਡਾ ਝਟਕਾ ਹੋ ਸਕਦਾ ਹੈ। ਪ੍ਰਮੁੱਖ ਭਾਰਤੀ ਚੀਫ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਦਾ ਮੰਨਣਾ ਹੈ ਕਿ ਟੋਕਿਓ ਓਲੰਪਿਕ ਨੂੰ ਦੁਨੀਆ ਦੇ ਬੇਮਿਸਾਲ ਸੰਕਟ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆ ਭਰ ਦੀਆਂ ਵੱਡੀਆਂ ਖੇਡ ਪ੍ਰਤੀਯੋਗਤਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਜਾਂ ਰੱਦ ਕਰ ਦਿੱਤਾ ਗਿਆ ਹੈ।