ਮੋਹਾਲੀ: ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਸਭ ਤੋਂ ਚਰਚਿਤ ਵਿਵਾਦ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੇ ਵਿੱਚ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ। ਬੀਤੇ ਦਿਨੀ ਐਲੀ ਮਾਂਗਟ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਵੀਰਵਾਰ ਨੂੰ ਐਲੀ ਮਾਂਗਟ ਨੂੰ ਜ਼ਿਲਾ ਆਦਾਲਤ ਦੇ ਵਿੱਚ ਪੇਸ਼ ਕੀਤਾ ਗਿਆ।
ਹਰਜਿੰਦਰ ਕੌਰ ਦੀ ਆਦਾਲਤ ਦੇ ਵਿੱਚ ਇਹ ਫ਼ੈਸਲਾ ਆਇਆ ਹੈ ਕਿ ਐਲੀ ਨੂੰ 2 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਜਾਵੇਗਾ। ਐਲੀ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ 295 ਏ ਤਹਿਤ ਮੁਕੱਦਮਾ ਦਰਜ ਹੋ ਚੁੱਕਾ ਹੈ।
ਐਲੀ ਦੇ ਵਿਰੁੱਧ ਦਰਜ ਇਸ ਮਾਮਲੇ 'ਤੇ ਉਨ੍ਹਾਂ ਦੀ ਵਕੀਲ ਸੁਖਜਿੰਦਰ ਕੌਰ ਨੇ ਕਿਹਾ ਕਿ ਪੁਲਿਸ ਨੇ ਐਲੀ ਦੇ ਨਾਲ ਜ਼ਿਆਦਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦਾ ਹੈ ਇਸ ਲਈ ਪੁਲਿਸ ਉਸ ਨਾਲ ਗਲਤ ਵਰਤਾਅ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਜਾਣਕਾਰੀ ਦਿੱਤੀ ਕਿਉਂ ਐਲੀ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਇਆ ਹੈ। ਦਰਅਸਲ ਰੰਮੀ ਖ਼ਿਲਾਫ਼ ਬੋਲਦੇ ਐਲੀ ਨੇ ਇਹ ਕਹਿ ਦਿੱਤਾ ਸੀ ਕਿ ਤੇਰੇ ਗਲੇ ਦੇ ਵਿੱਚ 5 ਰੁਪਏ ਦਾ ਖੰਡਾ ਹੈ। ਖੰਡੇ ਦਾ ਨਿਰਦਾਰ ਕਰਨ 'ਤੇ ਉਸ 'ਤੇ ਮਾਮਲਾ ਦਰਜ ਹੋਇਆ।
ਦੱਸ ਦਈਏ ਕਿ ਇਸ ਵਿਵਾਦ ਦੇ ਵਿੱਚ ਰੰਮੀ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਰੰਮੀ ਰੰਧਾਵਾ ਨੇ ਕੁਝ ਘੰਟਿਆਂ ਬਾਅਦ ਹੀ ਜ਼ਮਾਨਤ ਲੈ ਲਈ ਸੀ। ਹੁਣ ਤਾਜ਼ਾ ਖ਼ਬਰ ਇਸ ਮਾਮਲੇ 'ਤੇ ਇਹ ਵੀ ਆ ਰਹੀ ਹੈ ਕਿ ਰਮਨਦੀਪ ਉਰਫ ਰੰਮੀ ਰੰਧਾਵਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੇ ਸੰਦਰਭ ਵਿੱਚ ਹਾਈ ਕੋਰਟ ਵਿੱਚ ਉਨ੍ਹਾਂ ਦੇ ਭਰਾ ਪ੍ਰਿੰਸ ਰੰਧਾਵਾ ਨੇ ਚੁਣੌਤੀ ਦਿੱਤੀ ਹੈ।
ਜ਼ਿਕਰਏਖ਼ਾਸ ਹੈ ਕਿ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਰੰਮੀ ਰੰਧਾਵਾ ਨੇ ਆਪਣੇ ਸ਼ੋਅ ਦੇ ਵਿੱਚ ਐਲੀ ਮਾਂਗਟ ਦੀ ਗਾਇਕੀ 'ਤੇ ਟਿੱਪਣੀ ਕੀਤੀ। ਰੰਮੀ ਨੇ ਇਹ ਕਿਹਾ ਕਿ ਐਲੀ ਦੀ ਗਾਇਕੀ ਵਿਰਸੇ ਦੇ ਵਿਰੁੱਧ ਹੈ। ਐਲੀ ਨੇ ਇਸ ਗੱਲ ਦਾ ਜਵਾਬ ਸੋਸ਼ਲ ਮੀਡੀਆ ਰਾਹੀਂ ਅਪਸ਼ਬਦ ਬੋਲ ਕੇ ਦਿੱਤਾ। ਦੋਵੇਂ ਗਾਇਕਾਂ ਨੇ ਲਾਈਵ ਹੋ ਕੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਖ਼ਿਲਾਫ਼ ਭੜਾਸ ਕੱਢੀ। 11 ਸਤੰਬਰ ਨੂੰ ਦੋਹਾਂ ਗਾਇਕਾਂ ਨੇ ਇੱਕਠੇ ਹੋ ਕੇ ਲੜ੍ਹਣਾ ਸੀ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ।