ਮੁੰਬਈ: ਪੁਲਿਸ ਨੇ ਬੁੱਧਵਾਰ ਨੂੰ ਅਦਾਕਾਰਾ ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਚੰਦੇਲ ਨੂੰ ਦੋ ਫਿਰਕਿਆਂ ਵਿੱਚ ਦੁਸ਼ਮਣੀ ਵਧਾਉਣ ਦੇ ਦੋਸ਼ਾਂ ਸੰਬੰਧੀ ਬਿਆਨ ਦਰਜ ਕਰਨ ਲਈ 23 ਅਤੇ 24 ਨਵੰਬਰ ਨੂੰ ਤੀਜੀ ਵਾਰ ਤਲਬ ਕੀਤਾ ਹੈ।
ਪੁਲਿਸ ਨੇ ਇਥੇ ਬਾਂਦਰਾ ਮੈਟਰੋਪੋਲੀਟਨ ਮੈਜਿਸਟਰੇਟ ਅਦਾਲਤ ਦੇ ਨਿਰਦੇਸ਼ਾਂ 'ਤੇ ਕੰਗਨਾ ਅਤੇ ਰੰਗੋਲੀ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਸੀ।
ਕੰਗਨਾ ਅਤੇ ਰੰਗੋਲੀ ਨੂੰ ਤੀਜਾ ਨੋਟਿਸ ਜਾਰੀ
ਡਿਪਟੀ ਕਮਿਸ਼ਨਰ ਪੁਲਿਸ ਅਭਿਸ਼ੇਕ ਤ੍ਰਿਮੁਖੇ ਨੇ ਕਿਹਾ ਕਿ ਅਸੀਂ ਕੰਗਨਾ ਅਤੇ ਰੰਗੋਲੀ ਚੰਦੇਲ ਨੂੰ ਤੀਜਾ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਬਾਂਦਰਾ ਪੁਲਿਸ ਦੀ ਜਾਂਚ ਵਿੱਚ ਸ਼ਾਮਲ ਹੋਣ ਅਤੇ ਸਹਿਯੋਗ ਕਰਨ ਲਈ ਕਿਹਾ ਹੈ।
'ਜਾਂਚ ਲਈ ਪੇਸ਼ ਹੋਣ ਤੋਂ ਅਸਮਰੱਥ'
ਕੰਗਨਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਪਹਿਲਾਂ ਦੋ ਨੋਟਿਸਾਂ ਦਾ ਜਵਾਬ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਮੁਵੱਕਲ ਪੁੱਛਗਿੱਛ ਲਈ ਪੇਸ਼ ਨਹੀਂ ਹੋ ਸਕਦਾ ਕਿਉਂਕਿ ਉਹ 15 ਨਵੰਬਰ ਤੱਕ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਭਰਾ ਦੇ ਵਿਆਹ ਵਿੱਚ ਰੁੱਝਿਆ ਹੋਇਆ ਹੈ।
ਦੋ ਫਿਰਕਿਆਂ 'ਚ ਫੁੱਟ ਪਾਉਣ ਦਾ ਦੋਸ਼ ਲਾਇਆ
ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਮੁਨੱਵਰ ਅਲੀ ਨੇ ਰਣੌਤ 'ਤੇ ਲੋਕਾਂ ਦੇ ਮਨਾਂ ਵਿੱਚ ਬਾਲੀਵੁੱਡ ਦਾ ਮਾੜਾ ਅਕਸ ਪੈਦਾ ਕਰਨ ਅਤੇ ਦੋ ਫਿਰਕਿਆਂ ਦੇ ਲੋਕਾਂ ਵਿਚਕਾਰ ਫਿਰਕੂ ਫੁੱਟ ਅਤੇ ਤਣਾਅ ਪੈਦਾ ਕਰਨ ਦਾ ਦੋਸ਼ ਲਗਾਇਆ ਹੈ।
'ਫੁੱਟ ਪੈਦਾ ਕਰਨ ਦੇ ਇਰਾਦੇ ਨਾਲ ਕੀਤਾ ਟਵੀਟ'
ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਕਿ ਰਣੌਤ ਆਪਣੇ ਸਾਰੇ ਟਵੀਟ ਵਿੱਚ ਗ਼ਲਤ ਢੰਗ ਨਾਲ ਧਰਮ ਨੂੰ ਸ਼ਾਮਲ ਕੀਤਾ ਹੈ। ਅਲੀ ਨੇ ਦੋਸ਼ ਲਾਇਆ ਹੈ ਕਿ ਰਣੌਤ ਦੇ ਮੈਨੇਜਰ ਵਜੋਂ ਕੰਮ ਕਰਨ ਵਾਲੀ ਚੰਦੇਲ ਨੇ ਵੀ ਫਿਰਕੂ ਫੁੱਟ ਪੈਦਾ ਕਰਨ ਦੇ ਇਰਾਦੇ ਨਾਲ ਟਵੀਟ ਕੀਤਾ ਸੀ।
ਕੰਗਨਾ ਅਤੇ ਰੰਗੋਲੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ
ਪੁਲਿਸ ਨੇ ਰਣੌਤ ਅਤੇ ਉਸ ਦੀ ਭੈਣ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153-ਏ, 294-ਏ ਅਤੇ 128-ਏ, 34 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਨੂੰ ਵੀ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।