ਚੰਡੀਗੜ੍ਹ : 30 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਦਾ ਪ੍ਰਮੋਸ਼ਨ ਜ਼ੋਰਾਂ- ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਫ਼ਿਲਮ ਦੇ ਵਿੱਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਗੁਰਨਾਮ ਭੁੱਲਰ ਲਈ ਬਹੁਤ ਹੀ ਖ਼ਾਸ ਹੈ ਕਿਉਂਕਿ ਇਹ ਉਨ੍ਹਾਂ ਦੀ ਪਾਲੀਵੁੱਡ 'ਚ ਦੂਜੀ ਫ਼ਿਲਮ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ਗੁਡੀਆਂ ਪਟੋਲੇ ਵੀ ਦਰਸ਼ਕਾਂ ਨੇ ਖ਼ੂਬ ਪਸੰਦ ਕੀਤੀ ਸੀ।
ਇਸ ਫ਼ਿਲਮ ਦੀ ਖ਼ਾਸੀਅਤ ਜੋ ਟਰੇਲਰ ਨੂੰ ਵੇਖ ਕੇ ਲੱਗ ਰਹੀ ਹੈ ਉਹ ਇਹ ਹੈ ਕਿ ਇਹ ਫ਼ਿਲਮ ਔਰਤਾਂ ਦੇ ਸੁਪਨਿਆਂ ਨੂੰ ਵਿਖਾਵੇਗੀ। ਅਕਸਰ ਇਹ ਗੱਲ ਸਮਾਜ ਦੀਆਂ ਗੱਲਾਂ 'ਚ ਸੁਣਨ ਨੂੰ ਮਿਲਦੀ ਹੈ ਕਿ ਔਰਤਾਂ ਦੇ ਸੁਪਨੇ ਵਿਆਹ ਤੋਂ ਪਹਿਲਾਂ ਹੀ ਪੂਰੇ ਹੋ ਸਕਦੇ ਹਨ। ਵਿਆਹ ਤੋਂ ਬਾਅਦ ਇਹ ਮੁਸ਼ਕਿਲ ਹਨ। ਇਸ ਫ਼ਿਲਮ ਦੇ ਟਰੇਲਰ 'ਚ ਗੁਰਨਾਮ ਅਤੇ ਸਰਗੁਣ ਦਾ ਵਿਆਹ ਹੋ ਜਾਂਦਾ ਹੈ। ਗੁਰਨਾਮ ਨੂੰ ਲਗਦਾ ਹੈ ਕਿ ਸਰਗੁਣ ਉਸ ਨੂੰ ਪਸੰਦ ਨਹੀਂ ਕਰਦੀ ਪਰ ਸਰਗੁੁਣ ਪੰਜਾਬ 'ਚ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਬਲਕਿ ਕੈਨੇਡਾ ਜਾਣਾ ਚਾਹੁੰਦੀ ਸੀ। ਜਦੋਂ ਇਸ ਸੁਪਨੇ ਬਾਰੇ ਗੁਰਨਾਮ ਨੂੰ ਪਤਾ ਲਗਦਾ ਹੈ ਤਾਂ ਉਹ ਸਰਗੁਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਹੀਲਾ-ਵਸੀਲਾ ਕਰਦਾ ਹੈ।
ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ ਕਿ ਨਹੀਂ ਇਹ ਤਾਂ 30 ਅਗਸਤ ਨੂੰ ਪਤਾ ਲੱਗ ਹੀ ਜਾਵੇਗਾ। ਦੱਸ ਦਈਏ ਕਿ ਫ਼ਿਲਮ ਜਗਦੀਪ ਸਿੱਧੂ ਵੱਲੋਂ ਨਿਰਦੇਸ਼ਿਤ ਹੈ।ਜਗਦੀਪ ਸਿੱਧੂ ਪੰਜਾਬੀ ਇੰਡਸਟਰੀ ਦੇ ਉਹ ਨਿਰਦੇਸ਼ਕ ਹਨ ਜਿਨ੍ਹਾਂ ਵੱਲੋਂ ਲਿਖੀ ਫ਼ਿਲਮ 'ਹਰਜੀਤਾ' ਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ। ਫ਼ਿਲਮ 'ਕਿਸਮਤ' ਦਾ ਨਿਰਦੇਸ਼ਨ ਵੀ ਜਗਦੀਪ ਸਿੱਧੂ ਨੇ ਹੀ ਕੀਤਾ ਸੀ।