ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫ਼ਿਲਮ ਪ੍ਰਿਥਵੀਰਾਜ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਤਿਹਾਸਕ ਪਿਛੋਕੜ ਉੱਤੇ ਅਧਾਰਿਤ ਇਸ ਫ਼ਿਲਮ ਦੇ ਨਿਰਦੇਸ਼ਕ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਸ ਨੇ ਕਿਹਾ, "ਹਾਂ, ਅਸੀਂ ਯਸ਼ ਰਾਜ ਫ਼ਿਲਮਜ਼ ਸਟੂਡੀਓਜ਼ 'ਤੇ 'ਪ੍ਰਿਥਵੀਰਾਜ' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ ਅਤੇ ਪੂਰੀ ਟੀਮ ਇਸ ਮਹਾਨ ਸ਼ੂਟਿੰਗ ਪ੍ਰੋਗਰਾਮ ਲਈ ਬਹੁਤ ਉਤਸ਼ਾਹਿਤ ਹੈ।" ਇੱਕ ਸੂਤਰ ਨੇ ਜਾਣਕਾਰੀ ਦਿੱਤੀ ਕਿ ਅਕਸ਼ੈ ਨੇ 10 ਅਕਤੂਬਰ ਤੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਿਲਹਾਲ ਉਸ 'ਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੈ। ਸੂਤਰਾਂ ਅਨੁਸਾਰ, "ਸੋਨੂੰ ਸੂਦ ਨੇ ਵੀ 10 ਤਾਰੀਖ਼ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਮ ਲਗਾਤਾਰ ਬਿਨਾਂ ਰੁਕੇ ਕੰਮ ਕਰ ਰਹੀ ਹੈ, ਤਾਂ ਜੋ ਸਭ ਕੁਝ ਸਮੇਂ ਸਿਰ ਪੂਰਾ ਹੋ ਸਕੇ।"
ਫ਼ਿਲਮ ਵਿੱਚ ਅਕਸ਼ੈ ਦੇ ਸਹਿ-ਅਦਾਕਾਰ ਸੰਜੇ ਦੱਤ ਅਤੇ ਮਾਨੁਸ਼ੀ ਛਿੱਲਰ ਵੀ ਇੱਕ ਵਾਰ ਫਿਰ ਸ਼ੂਟਿੰਗ ਸ਼ੁਰੂ ਕਰਨਗੇ। ਮਾਨੁਸ਼ੀ 13 ਅਕਤੂਬਰ ਤੋਂ ਟੀਮ ਵਿੱਚ ਸ਼ਾਮਿਲ ਹੋਵੇਗੀ, ਜਦਕਿ ਸੰਜੇ ਦੀਵਾਲੀ ਤੋਂ ਬਾਅਦ ਸ਼ੂਟਿੰਗ 'ਤੇ ਵਾਪਸੀ ਕਰਨਗੇ।
ਇਹ ਫਿਲਮ ਬਹਾਦੁਰ ਰਾਜਾ ਪ੍ਰਿਥਵੀ ਰਾਜ ਚੌਹਾਨ ਦੇ ਜੀਵਨ ਅਤੇ ਬਹਾਦਰੀ 'ਤੇ ਅਧਾਰਿਤ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ ਇਸ ਇਤਿਹਾਸਕ ਫ਼ਿਲਮ ਦੇ ਇੱਕ ਵੱਡੇ ਹਿੱਸੇ ਦੀ ਸ਼ੂਟਿੰਗ ਪੂਰੀ ਹੋ ਗਈ ਸੀ। ਬਾਕੀ ਦੀ ਸ਼ੂਟਿੰਗ ਪੂਰੀ ਕਰਨ ਲਈ ਵਾਈ.ਆਰ.ਐਫ਼. ਸਟੂਡੀਓ ਕੰਪਲੈਕਸ ਦੇ ਅੰਦਰ ਹੁਣ ਇੱਕ ਵਿਸ਼ਾਲ ਸੈੱਟ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕੋਰੋਨਾ ਦੇ ਮੱਦੇਨਜ਼ਰ ਸੁਰੱਖਿਆ ਦੀਆਂ ਸਾਰੀਆਂ ਸਾਵਧਾਨੀਆਂ ਹਨ।