ਮੁੰਬਈ: ਅਦਾਕਾਰਾ ਜ਼ੋਇਆ ਮੋਰਾਨੀ 7 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਆਈਸੀਯੂ ਵਿੱਚ ਸ਼ਿਫ਼ਟ ਕੀਤਾ ਦਿੱਤਾ ਗਿਆ। ਬਾਅਦ 'ਚ ਜ਼ੋਇਆ ਦੇ ਪਿਤਾ ਅਤੇ ਫ਼ਿਲਮ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹਾਲਾਂਕਿ ਜ਼ੋਇਆ ਮੋਰਾਨੀ ਹੁਣ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸੈਲਫੀ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੀ ਪੋਸਟ ਨੂੰ ਵਰੁਣ ਧਵਨ ਨੇ ਵੀ ਸਾਂਝਾ ਕੀਤਾ ਹੈ।
ਆਪਣੀ ਇੰਸਟਾ ਸਟੋਰੀ ਵਿੱਚ ਉਨ੍ਹਾਂ ਨੇ ਡਾਕਟਰਾਂ ਅਤੇ ਨਰਸਾਂ ਲਈ ਲਿਖਿਆ, "ਹੁਣ ਮੇਰੇ ਯੋਧਿਆਂ ਨੂੰ ਅਲਵਿਦਾ ਕਹਿਣ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਦੁਆਵਾਂ ਦੇਣ ਦਾ ਸਮਾਂ ਆ ਗਿਆ ਹੈ। ਅਲਵਿਦਾ ਆਈਸੋਲੇਸ਼ਨ ਆਈਸੀਯੂ। ਘਰ ਜਾਣ ਦਾ ਸਮਾਂ ਆ ਗਿਆ ਹੈ।" ਆਪਣੀ ਤਸਵੀਰ 'ਚ ਜ਼ੋਇਆ ਸਰਜੀਕਲ ਮਾਸਕ ਪਹਿਨੇ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਕੁਝ ਸਟਾਫ਼ ਉਸ ਦੀ ਸੈਲਫ਼ੀ 'ਚ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਜ਼ੋਇਆ ਅਤੇ ਵਰੁਣ ਚੰਗੇ ਦੋਸਤ ਹਨ। ਇਸ ਲਈ ਜ਼ੋਇਆ ਦੀ ਪੋਸਟ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਵਰੁਣ ਧਵਨ ਨੇ ਕੈਪਸ਼ਨ 'ਚ ਲਿਖਿਆ, "ਇਸ ਸਮੇਂ ਸਕਾਰਾਤਮਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਡਾਕਟਰ ਇਸ ਸਮੇਂ ਬਹੁਤ ਵਧੀਆ ਕੰਮ ਕਰ ਰਹੇ ਹਨ। ਉਹ ਸੱਚਮੁੱਚ ਸਾਡੇ ਲਈ ਰੱਬ ਵਰਗੇ ਹਨ। ਸਾਨੂੰ ਸਾਰਿਆਂ ਨੂੰ ਸਕਾਰਾਤਮਕ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਤੋਂ ਬਾਹਰ ਆ ਸਕੀਏ। ਮੇਰੀ ਦੋਸਤ ਦੇ ਵਾਪਸ ਘਰ ਆਉਣ ਅਤੇ ਸੈਲਫ਼ ਕੁਆਰੰਟੀਨ ਕਰਨ ਲਈ ਮੈਂ ਬਹੁਤ ਖੁਸ਼ ਹਾਂ।" ਹਾਲਾਂਕਿ ਵਰੁਣ ਨੇ ਬਾਅਦ ਵਿੱਚ ਪੋਸਟ ਨੂੰ ਡਿਲੀਟ ਕਰ ਦਿੱਤਾ ਅਤੇ ਇੰਸਟਾ ਸਟੋਰੀ ਵਿੱਚ ਜ਼ੋਇਆ ਦੀ ਪੋਸਟ ਨੂੰ ਸ਼ੇਅਰ ਕੀਤਾ।