ਮੁੰਬਈ: 4 ਅਗਸਤ 1929 ਨੂੰ ਜੰਮੇ ਕਿਸ਼ੋਰ ਕੁਮਾਰ ਦਾ ਅੱਜ 90 ਵਾਂ ਜਨਮਦਿਨ ਹੈ। ਕਿਸ਼ੋਰ ਨੇ ਆਪਣੇ ਫ਼ਿਲਮੀ ਕਰੀਅਰ ਦੇ ਵਿੱਚ 600 ਤੋਂ ਵੀ ਵਧ ਹਿੰਦੀ ਫ਼ਿਲਮਾਂ ਦੇ ਲਈ ਆਪਣੀ ਅਵਾਜ਼ ਦਿੱਤੀ। ਉਨ੍ਹਾਂ ਨੇ ਬੰਗਾਲੀ, ਮਰਾਠੀ, ਕੰਨੜ, ਭੋਜਪੂਰੀ ਅਤੇ ਉੜੀਆ ਆਦਿ ਫ਼ਿਲਮਾਂ ਦੇ ਵਿੱਚ ਆਪਣੀ ਦਿਲਕਸ਼ ਅਵਾਜ਼ ਰਾਹੀਂ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ।
ਮੱਧ ਪ੍ਰਦੇਸ਼ ਦੇ ਖੰਡਵਾ ਦੇ ਇੱਕ ਬੰਗਾਲੀ ਪਰਿਵਾਰ 'ਚ ਕਿਸ਼ੋਰ ਦਾ ਜਨਮ ਹੋਇਆ ਸੀ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਦਾ ਅਸਲ ਨਾਂਅ ਆਭਾਸ ਕੁਮਾਰ ਗਾਂਗੂਲੀ ਸੀ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਵਕੀਲ ਸਨ ਪਰ ਉਨ੍ਹਾਂ ਦਾ ਧਿਆਨ ਵਕਾਲਤ ਵੱਲ ਨਾ ਹੋ ਕੇ ਗਾਇਕੀ ਵੱਲ ਸੀ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਿਸ਼ੋਰ 18 ਸਾਲ ਦੀ ਉਮਰ 'ਚ ਮੁੰਬਈ ਪੁੱਜ ਗਏ।
1946 ਤੋਂ ਲੈ ਕੇ 1980 ਤੱਕ ਬਾਲੀਵੁੱਡ ਦੇ ਵਿੱਚ ਚੰਗਾ ਨਾਂਅ ਕਮਾਇਆ। 600 ਤੋਂ ਵੱਧ ਗੀਤਾਂ ਨੂੰ ਉਨ੍ਹਾਂ ਆਪਣੀ ਅਵਾਜ਼ ਦੇ ਨਾਲ ਸ਼ਿੰਘਾਰਿਆ ਪਰ ਉਸ ਤੋਂ ਇਲਾਵਾ 81 ਫ਼ਿਲਮਾਂ ਦੇ ਵਿੱਚ ਬਾ-ਕਮਾਲ ਅਦਾਕਾਰੀ ਵੀ ਕੀਤੀ। ਕਿਸ਼ੋਰ ਕੁਮਾਰ ਨੇ 18 ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ। ਆਪਣੇ ਫ਼ਿਲਮੀ ਸਫ਼ਰ ਦੇ ਵਿੱਚ ਕਿਸ਼ੋਰ ਨੇ 8 ਫ਼ਿਲਮਫੇਅਰ ਅਵਾਰਡ ਜਿੱਤੇ, ਜੋ ਹੁਣ ਤੱਕ ਰਿਕਾਰਡ ਵੀ ਹੈ।
ਉਨ੍ਹਾਂ ਨੇ 1964 ਦੀ ਫ਼ਿਲਮ 'ਦੂਰ ਗਗਨ ਕੀ ਛਾਂਵ' ਦੇ ਜ਼ਰੀਏ ਨਿਰਦੇਸ਼ਨ ਦੇ ਖ਼ੇਤਰ 'ਚ ਕਦਮ ਰੱਖਿਆ। ਉਨ੍ਹਾਂ ਨੇ ਕਈ ਫ਼ਿਲਮਾਂ 'ਚ ਸੰਗੀਤ ਦਿੱਤਾ ਜਿਨ੍ਹਾਂ 'ਚ ਝੂਮਰੂ, ਦੂਰ ਗਗਨ ਕੀ ਛਾਂਵ ਮੇਂ, ਦੂਰ ਕਾ ਰਾਹੀ, ਜ਼ਮੀਨ ਆਸਮਾਨ ਅਤੇ ਮਮਤਾ ਕੀ ਛਾਂਵ ਵਰਗੀਆਂ ਫ਼ਿਲਮਾਂ ਸ਼ਾਮਲ ਹਨ। 13 ਅਕਤੂਬਰ 1987 ਨੂੰ ਕਿਸ਼ੋਰ ਕੁਮਾਰ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕੁਝ ਲੋਕ ਇਹ ਗੱਲ ਆਖਦੇ ਨੇ ਕਿ ਸਾਲ 1987 ਦੇ ਵਿੱਚ ਉਹ ਫ਼ਿਲਮਾਂ ਤੋਂ ਸੰਨਿਆਸ ਲੈ ਕੇ ਆਪਣੇ ਘਰ ਖਾਂਡਵੀ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਪਾਈ।