ਮੁੰਬਈ: ਹਿੰਦੀ ਸਿਨੇਮਾ 'ਚ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤਨ ਵਾਲੇ ਕਾਰਤਿਕ ਆਰੀਅਨ ਆਪਣੇ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਅਤੇ ਚਣੌਤੀ ਭਰਿਆ ਕਿਰਦਾਰ ਕਰਨ ਜਾ ਰਹੇ ਹਨ। ਇਹ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ। ਰਿਪੋਰਟ ਮੁਤਾਬਿਕ ਇਮਤਿਆਜ਼ ਅਲੀ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ 'ਚ ਕਾਰਤਿਕ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਸਕਦੇ ਹਨ। ਇਸ ਕਿਰਦਾਰ ਨੂੰ ਨਿਭਾਉਣ ਲਈ ਕਾਰਤਿਕ ਨੂੰ ਆਫ਼ਰ ਇਮਤਿਆਜ਼ ਅਲੀ ਨੇ ਦਿੱਤਾ ਹੈ। ਇਹ ਕਾਰਤਿਕ ਅਤੇ ਇਮਤਿਆਜ਼ ਦੀ ਇੱਕਠਿਆਂ ਦੀ ਦੂਜੀ ਫ਼ਿਲਮ ਹੋਵੇਗੀ।
ਇਸ ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਨਹੀਂ ਕਰਨਗੇ ਬਲਕਿ ਉਨ੍ਹਾਂ ਦੇ ਭਰਾ ਸਾਜਿਦ ਅਲੀ ਕਰਨਗੇ। ਸਾਜਿਦ ਅਲੀ ਨੇ ਬੀਤੇ ਸਾਲ ਫ਼ਿਲਮ 'ਲੈਲਾ ਮਜਨੂੰ' ਦੇ ਨਾਲ ਆਪਣੇ ਨਿਰਦੇਸ਼ਨ ਸਫ਼ਰ ਦੀ ਸ਼ੁਰੂਆਤ ਕੀਤੀ ਸੀ। 29 ਸਾਲਾ ਅਦਾਕਾਰ ਕਾਰਤਿਕ ਆਰੀਅਨ ਦਾ ਕਰੀਅਰ ਇਸ ਸਮੇਂ ਚੰਗੇ ਟ੍ਰੈਕ 'ਤੇ ਚੱਲ ਰਿਹਾ ਹੈ। ਉਹ ਹਿੰਦੀ ਸਿਨੇਮਾ 'ਚ ਲਗਾਤਾਰ ਹਿੱਟ ਫ਼ਿਲਮਾਂ ਦੇ ਰਹੇ ਹਨ। 2020 'ਚ ਕਾਰਤਿਕ ਫ਼ਿਲਮ 'ਦੋਸਤਾਨਾ 2','ਭੂਲ ਭੁਲਈਆ 2' ਅਤੇ 'ਲਵ ਆਜ ਕੱਲ੍ਹ 2' ਵਰਗੀਆਂ ਫ਼ਿਲਮਾਂ 'ਚ ਵਿਖਾਈ ਦੇਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਗਾਇਕ ਅਮਰ ਸਿੰਘ ਸਿੰਘ ਚਮਕੀਲਾ ਦੀ ਮੌਤ ਇੱਕ ਪੇਚੀਦਾ ਕਤਲ ਸੀ। ਉਹ ਇੱਕ ਬੇਖੌਫ ਗਾਇਕ ਸੀ, ਇਹ ਹੀ ਗੱਲ ਸਭ ਨੂੰ ਰੜਕਦੀ ਸੀ। 8 ਮਾਰਚ 1988 ਨੂੰ ਇੱਕ ਮੋਟਰਸਾਈਕਲ ਸਵਾਰਾਂ ਨੇ ਗਾਇਕ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕੁਝ ਲੋਕ ਇਹ ਵੀ ਆਖਦੇ ਹਨ ਕਿ ਚਮਕੀਲੇ ਦੀ ਮੌਤ ਦਾ ਕਾਰਨ ਦੂਜੇ ਗਾਇਕ ਸਨ ਜਿਨ੍ਹਾਂ ਨੇ ਸਾਜਿਸ਼ ਕਰਕੇ ਉਸ ਦਾ ਕਤਲ ਕੀਤਾ।