ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਲਿਖਾਰੀ ਗੁਰੂ ਰੰਧਾਵਾ ਕਿਸੇ ਪਛਾਣ ਦੇ ਮੌਹਤਾਜ਼ ਨਹੀਂ ਹਨ। 30 ਅਗਸਤ 1991 'ਚ ਉਨ੍ਹਾਂ ਦਾ ਜਨਮ ਗੁਰਦਾਸਪੁਰ 'ਚ ਹੋਇਆ। ਦੱਸ ਦਈਏ ਕਿ ਗੁਰੂ ਦਾ ਅਸਲ ਨਾਂਅ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ।
ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂ ਰੰਧਾਵਾ ਨੇ 2013 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਪੇਜ ਵਨ' ਲਾਂਚ ਹੋਈ। ਇਸ ਐਲਬਮ ਕਾਰਨ ਗੁਰੂ ਰੰਧਾਵਾ ਦੀ ਗਾਇਕੀ ਨੂੰ ਖ਼ੂਬ ਪਸੰਦ ਕੀਤਾ ਗਿਆ। ਕਾਮਯਾਬੀ ਸੌਖੀ ਨਹੀਂ ਮਿਲਦੀ ਇਸ ਲਈ ਸੰਘਰਸ਼ ਕਰਨਾ ਪੈਂਦਾ ਹੈ। ਗੁਰੂ ਰੰਧਾਵਾ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸੰਘਰਸ਼ ਸੀ। ਇੱਕ ਇੰਟਰਵਿਊ 'ਚ ਉਹ ਦੱਸਦੇ ਹਨ ਕਿ ਉਹ ਪਹਿਲਾਂ ਲਾਈਵ ਸ਼ੋਅ ਕਰਦੇ ਸੀ। ਆਪਣਾ ਖ਼ਰਚਾ ਆਪ ਕੱਢਦੇ ਸੀ।
ਉਨ੍ਹਾਂ ਕਿਹਾ ਕਿ ਪਰਿਵਾਰ ਦਾ ਤਾਂ ਪੂਰਾ ਸਾਥ ਸੀ ਸੰਘਰਸ਼ ਵੇਲੇ ਪਰ ਰਿਸ਼ਤੇਦਾਰ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਸਨ। ਉਹ ਆਖਦੇ ਸਨ ਕਿ ਉਨ੍ਹਾਂ ਦੀ ਤੁਲਣਾ ਭੈਣ-ਭਰਾਵਾਂ ਨਾਲ ਕੀਤੀ ਜਾਂਦੀ ਸੀ ਜੋ ਨੌਕਰੀ ਕਰਕੇ 15,000 ਮਹੀਨੇ ਦਾ ਕਮਾਉਂਦੇ ਸੀ। ਆਪਣੀ ਮਿਹਨਤ ਦੇ ਨਾਲ ਗੁਰੂ ਰੰਧਾਵਾ ਨੇ ਹਰ ਇੱਕ ਦਾ ਮੂੰਹ ਬੰਦ ਕੀਤਾ। ਅੱਜ ਉਹ ਨਾ ਸਿਰਫ਼ ਪੰਜਾਬੀ ਇੰਡਸਟਰੀ 'ਚ ਬਲਕਿ ਬਾਲੀਵੁੱਡ ਵਿੱਚ ਵੀ ਕਮਾਲ ਕਰ ਰਹੇ ਹਨ। ਫ਼ਿਲਮ ਹਿੰਦੀ ਮੀਡੀਅਮ ਦੇ ਵਿੱਚ ਉਨ੍ਹਾਂ ਦਾ ਗੀਤ ਸੂਟ ਹਰ ਇੱਕ ਨੇ ਪਸੰਦ ਕੀਤਾ। ਅੱਜ ਦੇ ਦੌਰ 'ਚ ਗੁਰੂ ਰੰਧਾਵਾ ਦਾ ਕੋਈ ਵੀ ਗੀਤ ਫ਼ਲਾਪ ਨਹੀਂ ਗਿਆ ਹੈ। ਇਹ ਇੱਕ ਗਾਇਕ ਲਈ ਬਹੁਤ ਵੱਡੀ ਗੱਲ ਹੈ।