ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਕਿਸੇ ਪਹਿਚਾਣ ਦਾ ਮੌਹਤਾਜ਼ ਨਹੀਂ ਹਨ। ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਦੇ ਦੋਸਾਂਝ ਕਲਾਂ ਪਿੰਡ 'ਚ ਹੋਇਆ।
ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 ਤੋਂ ਕੀਤੀ। ਉਨ੍ਹਾਂ ਨੂੰ ਸ਼ੁਰੂਆਤ ਵਿੱਚ ਹੀ ਕਾਮਯਾਬੀ ਨਹੀਂ ਮਿਲੀ ਕਈ ਐਲਬਮਾਂ ਆਈਆਂ ਅਤੇ ਗਈਆਂ। ਸੰਘਰਸ਼ ਬਹੁਤ ਸੀ ਪਰ ਦਿਲਜੀਤ ਨੇ ਹਾਰ ਨਹੀਂ ਮੰਨੀ। ਮਿਹਨਤ ਉਹ ਕਰਦਾ ਰਿਹਾ। ਇਸ ਮਿਹਨਤ ਦਾ ਨਤੀਜਾ ਇਹ ਹੋਇਆ ਕਿ ਨਾ ਸਿਰਫ਼ ਉਹ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਬਣਿਆ ਬਲਕਿ ਬਾਲੀਵੁੱਡ ਵਿੱਚ ਵੀ ਚੰਗਾ ਨਾਂਅ ਕਮਾਇਆ।
ਪਹਿਲੀ ਫ਼ਿਲਮ ਸੀ ਫ਼ਲਾਪ
ਦਿਲਜੀਤ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 2011 'ਚ ਆਈ ਫ਼ਿਲਮ 'ਦਿ ਲਾਇਨ ਆਫ਼ ਪੰਜਾਬ' ਤੋਂ ਕੀਤੀ ਸੀ।ਉਨ੍ਹਾਂ ਦੀ ਪਹਿਲੀ ਫ਼ਿਲਮ ਫ਼ਲਾਪ ਗਈ ਸੀ। ਦਿਲਜੀਤ ਨੂੰ ਅਦਾਕਾਰੀ 'ਚ ਕਾਮਯਾਬੀ 'ਜਿੰਨੇ ਮੇਰਾ ਦਿਲ ਲੁੱਟਿਆ' ਤੋਂ ਮਿਲੀ। ਇਸ ਫ਼ਿਲਮ 'ਚ ਦਿਲਜੀਤ, ਗਿੱਪੀ ਅਤੇ ਨੀਰੂ ਬਾਜਵਾ ਇੱਕਠੇ ਨਜ਼ਰ ਆਏ ਸਨ।
ਦਿਲਜੀਤ ਦੀ ਕਾਮਯਾਬੀ ਨੂੰ ਚਾਰ ਚੰਦ ਫ਼ਿਲਮ 'ਜੱਟ ਐਂਡ ਜੂਲੀਅਟ' ਨੇ ਲਗਾਈ। ਫ਼ਿਲਮ ਪੰਜਾਬ 1984 ਦੇ ਵਿੱਚ ਦਿਲਜੀਤ ਦੀ ਅਦਾਕਾਰੀ ਨੇ ਇਹ ਸਾਬਿਤ ਕਰਤਾ ਕੇ ਉਹ ਕੋਈ ਵੀ ਕਿਰਦਾਰ ਅਦਾ ਕਰ ਸਕਦੇ ਹਨ।
ਬਾਲੀਵੁੱਡ 'ਚ ਐਂਟਰੀ
ਦਿਲਜੀਤ ਨੇ ਆਪਣੇ ਬਾਲੀਵੁੱਡ ਸਫ਼ਰ ਦੀ ਸ਼ੁਰੂਆਤ ਫ਼ਿਲਮ 'ਉੜਤਾ ਪੰਜਾਬ' ਤੋਂ ਕੀਤੀ। ਇਸ ਫ਼ਿਲਮ 'ਚ ਉਨ੍ਹਾਂ ਨੂੰ ਡੈਬਿਯੂ ਕਰਨ ਲਈ ਫ਼ਿਲਮਫੇਅਰ ਐਵਾਰਡ ਵੀ ਮਿਲਿਆ। ਦਿਲਜੀਤ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਬਾਲੀਵੁੱਡ 'ਚ ਐਂਟਰੀ ਕਰਨ ਤੋਂ ਬਾਅਦ ਵੀ ਪੰਜਾਬੀ ਸਿਨੇਮਾ ਵਿੱਚ ਆਪਣੀ ਥਾਂ ਨੂੰ ਬਣਾਈ ਰੱਖਿਆ। ਸਾਲ 2019 ਵਿੱਚ ਉਨ੍ਹਾਂ ਦੀ ਫ਼ਿਲਮ 'ਛੜਾ' ਨੇ ਕਈ ਰਿਕਾਰਡ ਤੋੜੇ। ਇਹ ਫ਼ਿਲਮ ਪੰਜਾਬੀ ਸਿਨੇਮਾ 'ਚ ਸਾਲ 2019 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣੀ। ਦਿਲਜੀਤ ਦੀ ਇਸ ਸਫ਼ਲ ਕਹਾਣੀ ਦਰਸਾਉਂਦੀ ਹੈ ਕਿ ਜੇਕਰ ਤੁਸੀਂ ਮਿਹਨਤ ਕਰਦੇ ਰਹੋ ਤਾਂ ਸਭ ਕੁਝ ਹਾਸਿਲ ਕੀਤਾ ਜਾ ਸਕਦਾ ਹੈ।