ਮੁੰਬਈ: ਬਾਲੀਵੁੱਡ ਦੇ ਹੀਮੈਨ ਕਹੇ ਜਾਣ ਵਾਲੇ ਧਰਮਿੰਦਰ 8 ਦਸੰਬਰ ਨੂੰ 84 ਸਾਲਾਂ ਦੇ ਹੋ ਗਏ ਹਨ। ਹਮੇਸ਼ਾਂ ਸਾਦਗੀ ਵਿੱਚ ਜੀਵਨ ਬਤੀਤ ਕਰਨ ਵਾਲੇ ਧਰਮਿੰਦਰ ਨੇ ਕਈ ਬਲਾਕਬਸਟਰ ਫ਼ਿਲਮਾਂ ਮਨੋਰੰਜਨ ਜਗਤ ਨੂੰ ਦਿੱਤੀਆਂ ਹਨ। ਇੰਨ੍ਹਾਂ ਫ਼ਿਲਮਾਂ ਦੀ ਸੂਚੀ ਵਿੱਚ 'ਸ਼ੋਲੇ', 'ਮੇਰਾ ਗਾਂਵ ਮੇਰਾ ਦੇਸ਼' ਅਤੇ ਧਰਮ-ਵੀਰ ਵਰਗੀਆਂ ਫ਼ਿਲਮਾਂ ਨੇ ਕਈ ਰਿਕਾਰਡ ਕਾਇਮ ਕੀਤੇ ਹਨ।
ਫ਼ਿਲਮਾਂ ਵੇਖਣ ਦੇ ਦੀਵਾਨੇ ਧਰਮਿੰਦਰ
ਪੰਜਾਬ 'ਚ ਜਨਮੇਂ ਧਰਮਿੰਦਰ ਦਾ ਰੁਝਾਨ ਬਚਪਨ ਤੋਂ ਹੀ ਫ਼ਿਲਮਾਂ ਵੱਲ ਸੀ। ਉਹ ਬਣਨਾ ਵੀ ਅਦਾਕਾਰ ਹੀ ਚਾਹੁੰਦੇ ਸਨ। ਫ਼ਿਲਮਾਂ ਵੇਖਣ ਦਾ ਧਰਮਿੰਦਰ ਨੂੰ ਇੰਨ੍ਹਾਂ ਸ਼ੌਕ ਸੀ ਕਿ ਉਹ ਕਈ ਮੀਲਾਂ ਤੁਰ ਕੇ ਫ਼ਿਲਮ ਵੇਖਣ ਜਾਉਂਦੇ ਸਨ। ਫ਼ਿਲਮਾਂ ਨੂੰ ਲੈਕੇ ਧਰਮਿੰਦਰ ਦੇ ਕਈ ਕਿੱਸੇ ਮਸ਼ਹੂਰ ਹਨ। ਉਨ੍ਹਾਂ ਵਿੱਚੋਂ ਇੱਕ ਕਿੱਸਾ ਇਹ ਵੀ ਹੈ ਕਿ ਫ਼ਿਲਮ 'ਦਿਲਗੀ' ਉਨ੍ਹਾਂ ਨੇ 40 ਵਾਰ ਵੇਖੀ ਸੀ।
ਮਸ਼ਹੂਰੀ ਨੇ ਕਰਵਾਈ ਮਾਇਆਨਗਰੀ 'ਚ ਐਂਟਰੀ
ਸੌਖਾ ਨਹੀਂ ਸੀ ਧਰਮਿੰਦਰ ਦਾ ਸੁਪਰਸਟਾਰ ਬਨਣਾ, ਇੱਕ ਮਸ਼ਹੂਰੀ ਨੂੰ ਵੇਖ ਕੇ ਉਨ੍ਹਾਂ ਆਪਣੀ ਅਮਰੀਕਨ ਟਿਊਬਵੈਲ ਦੀ ਨੌਕਰੀ ਛੱਡ ਕੇ ਸੁਪਨਿਆਂ ਦੀ ਨਗਰੀ ਮੁੰਬਈ ਆ ਗਏ। ਇੱਥੇ ਆ ਕੇ ਉਹ ਇੱਕ ਸਟੂਡੀਓ ਤੋਂ ਦੂਜੇ ਸਟੂਡੀਓ ਦੇ ਚੱਕਰ ਹੀ ਲਗਾਉਂਦੇ ਰਹੇ। ਜਿਹੜੇ ਵੀ ਸਟੂਡੀਓ 'ਚ ਧਰਮਿੰਦਰ ਜਾਂਦੇ ਉਨ੍ਹਾਂ ਨੂੰ ਲੋਕ ਖਰੀਆਂ-ਖਰੀਆਂ ਸੁਣਾ ਕੇ ਤੋਰ ਦਿੰਦੇ ਸਨ। ਲੋਕਾਂ ਨੇ ਕਈ ਸਲਾਹਾਂ ਦਿੱਤੀਆਂ ਪਰ ਧਰਮਿੰਦਰ ਨੇ ਹਾਰ ਨਹੀਂ ਮੰਨੀ ਆਪਣਾ ਸੰਘਰਸ਼ ਜਾਰੀ ਰੱਖਿਆ।
ਪਹਿਲੀ ਫ਼ਿਲਮ ਦਾ ਕਿੱਸਾ
ਕਹਿੰਦੇ ਹਨ ਕਿ ਹੀਰੇ ਦੀ ਪਰਖ਼ ਜੌਹਰੀ ਨੂੰ ਹੀ ਹੁੰਦੀ ਹੈ, ਉਸੇ ਤਰ੍ਹਾਂ ਧਰਮਿੰਦਰ ਦੀ ਕਲਾ ਨਿਰਮਾਤਾ-ਨਿਰਦੇਸ਼ਕ ਅਰਜੁਨ ਹਿੰਗੋਰਾਨੀ ਨੇ ਪਹਿਚਾਣੀ। ਅਰਜੁਨ ਹਿੰਗੋਰਾਨੀ ਨੇ ਧਰਮਿੰਦਰ ਨੂੰ ਮੌਕਾ ਦਿੱਤਾ ਉਨ੍ਹਾਂ ਦੀ ਪਹਿਲੀ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਵਿੱਚ ਬਤੌਰ ਕੰਮ ਕੀਤਾ। ਇਹ ਫ਼ਿਲਮ ਅਸਫ਼ਲ ਸਾਬਿਤ ਹੋਈ ਸੀ।
ਹਾਰ ਨਾ ਮੰਨਣਾ
ਫ਼ਿਲਮ ਅਸਫ਼ਲ ਹੋਣ ਤੋਂ ਬਾਅਦ ਵੀ ਧਰਮਿੰਦਰ ਨੇ ਹਾਰ ਨਹੀਂ ਮੰਨੀ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਹਰਿਵੰਸ਼ ਰਾਏ ਬੱਚਨ ਵੱਲੋਂ ਲਿੱਖੀ ਸਤਰ ਸੱਚ ਹੋਈ ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੋਤੀ, ਫ਼ਿਲਮ ਫ਼ੁੱਲ ਔਰ ਪੱਥਰ ਨਾਲ ਧਰਮਿੰਦਰ ਨੂੰ ਸਿਨੇਮਾ ਜਗਤ ਵਿੱਚ ਕਾਮਯਾਬੀ ਹਾਸਿਲ ਹੋਈ।
ਪੰਜਾਬੀ ਫ਼ਿਲਮਾਂ ਵਿੱਚ ਵੀ ਵਿਖਾਈ ਆਪਣੀ ਕਲਾ
ਬੇਸ਼ਕ ਧਰਮਿੰਦਰ ਬਾਲੀਵੁੱਡ ਵਿੱਚ ਸੁਪਰਸਟਾਰ ਬਣ ਗਏ ਪਰ ਉਨ੍ਹਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵੀ ਕਈ ਫ਼ਿਲਮਾਂ ਕੀਤੀਆਂ। ਇੰਨ੍ਹਾਂ ਫ਼ਿਲਮਾਂ ਵਿੱਚ 'ਪੁੱਤ ਜੱਟਾਂ ਦੇ', 'ਦੁੱਖ ਭੰਜਨ ਤੇਰਾ ਨਾਮੁ', 'ਤੇਰੀ ਮੇਰੀ ਇੱਕ ਜ਼ਿੰਦੜੀ', 'ਕੁਰਬਾਨੀ ਜੱਟ ਦੀ', 'ਸ਼ਰਾਫ਼ਤ', 'ਸੰਤੋ ਬੰਤੋ' ਅਹਿਮ ਹਨ।
ਸਿਨੇਮਾ ਜਗਤ ਤੋਂ ਸਿਆਸਤ ਤੱਕ
ਸਿਨੇਮਾ ਜਗਤ ਵਿੱਚ ਤਾਂ ਧਰਮਿੰਦਰ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੀ ਪਰ ਸਿਆਸਤ ਵਿੱਚ ਉਨ੍ਹਾਂ ਦਾ ਪ੍ਰਭਾਵ ਖ਼ਾਸ ਨਹੀਂ ਰਿਹਾ। 14ਵੀਂ ਲੋਕਸਭਾ ਚੋਣਾਂ ਵੇਲੇ ਉਨ੍ਹਾਂ ਰਾਜਸਥਾਨ ਦੇ ਬੀਕਾਨੇਰ ਤੋਂ ਚੋਣ ਲੱੜੀ। ਇਹ ਚੋਣਾਂ 'ਤੇ ਉਨ੍ਹਾਂ ਜਿੱਤ ਹਾਸਿਲ ਕੀਤੀ, ਪਰ ਬਾਅਦ 'ਚ ਖ਼ਫ਼ਾ ਹੋਏ ਲੋਕਾਂ ਨੇ 'ਸਾਡਾ ਸੰਸਦ ਮੈਂਬਰ ਗੁਮਸ਼ੁਦਾ' ਦੇ ਪੋਸਟਰ ਲੱਗਾ ਦਿੱਤੇ।