ਲਖਨਊ: ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ 6ਵੀਂ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਕਨਿਕਾ ਕਪੂਰ ਦੇ ਪੀਜੀਆਈ ਹਸਪਤਾਲ ਵਿੱਚ ਲਗਭਗ 4 ਸੈਂਪਲ ਦੇ ਟੈਸਟ ਕੀਤੇ ਗਏ ਸਨ, ਪਰ ਸਾਰੇ ਪੌਜ਼ੀਟਿਵ ਸਾਹਮਣੇ ਆ ਰਹੇ ਸਨ। ਹਾਲਾਂਕਿ ਇਸ ਤੋਂ ਬਾਅਦ ਕਨਿਕਾ ਕਪੂਰ ਦੀ 5ਵੀਂ ਅਤੇ 6ਵੀਂ ਰਿਪੋਰਟ ਨੈਗੇਟਿਵ ਆਈ ਹੈ। ਕਨਿਕਾ ਦੇ ਸਾਰੇ ਟੈਸਟ ਕੋਰੋਨਾ ਵਾਇਰਸ ਪ੍ਰੋਟੋਕੋਲ ਦੇ ਤਹਿਤ ਕੀਤੇ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਐਸਜੀਪੀਜੀਆਈ ਤੋਂ ਵੀ ਡਿਸਚਾਰਜ ਕੀਤਾ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਕੋਰੋਨਾ ਵਾਇਰਸ ਦੀ ਲਾਗ ਲੱਗਣ ਤੋਂ ਬਾਅਦ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਗਾਇਕਾ ਕਨਿਕਾ ਕਪੂਰ 9 ਮਾਰਚ ਨੂੰ ਲੰਡਨ ਤੋਂ ਮੁੰਬਈ ਵਾਪਸ ਆਈ ਸੀ। 2 ਦਿਨਾਂ ਬਾਅਦ ਉਹ ਲਖਨਊ ਆਈ ਅਤੇ ਕੁੱਝ ਪਾਰਟੀਆਂ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਬਹੁਤ ਸਾਰੇ ਵੀਵੀਆਈਪੀ ਮਹਿਮਾਨ ਸ਼ਾਮਲ ਸਨ।
ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਉਨ੍ਹਾਂ ਦੇ ਬੇਟੇ ਸੰਸਦ ਮੈਂਬਰ ਦੁਸ਼ਯੰਤ ਸਿੰਘ ਵੀ ਪਾਰਟੀ ਵਿੱਚ ਸ਼ਾਮਲ ਸਨ। ਇਹ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ। ਬਾਅਦ ਵਿੱਚ ਸਾਰਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਕੋਈ ਵੀ ਕੋਰੋਨਾ ਨਾਲ ਸੰਕਰਮਿਤ ਨਹੀਂ ਪਾਇਆ ਗਿਆ।