ਫ਼ਰੀਦਾਬਾਦ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫ਼ਰੀਦਾਬਾਦ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨਾਲ ਮੁਲਾਕਾਤ ਕੀਤੀ। ਸੀਐਮ ਖੱਟਰ ਤੇ ਕੇ ਕੇ ਸਿੰਘ ਦੀ ਇਹ ਮੁਲਾਕਾਤ ਫ਼ਰੀਦਾਬਾਦ ਪੁਲਿਸ ਕਮਿਸ਼ਨਰ ਓਪੀ ਸਿੰਘ ਦੇ ਘਰ ਹੋਈ।
ਦੱਸ ਦਈਏ ਕਿ ਪੁਲਿਸ ਕਮਿਸ਼ਨਰ ਓਪੀ ਸਿੰਘ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਿੱਜਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਤੇ ਕੇ.ਕੇ. ਸਿੰਘ ਵਿਚਕਾਰ ਇਹ ਮੁਲਾਕਾਤ ਕਰੀਬ 10 ਮਿੰਟ ਚੱਲੀ। ਸੀ.ਐਮ. ਮਨੋਹਰ ਲਾਲ ਮੀਟਿੰਗ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਏ।
ਦੱਸਣਯੋਗ ਹੈ ਕਿ 3 ਅਗਸਤ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਫ਼ਰੀਦਾਬਾਦ ਆਏ ਸਨ। ਉਸਨੇ ਉਸ ਦਿਨ ਸੁਸ਼ਾਂਤ ਸਿੰਘ ਰਾਜਪੂਤ ਆਤਮ ਹੱਤਿਆ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਸੀ। ਕੇ ਕੇ ਸਿੰਘ ਨੇ ਕਿਹਾ ਸੀ ਕਿ 25 ਫ਼ਰਵਰੀ ਨੂੰ ਉਸਨੇ ਬਾਂਦਰਾ ਪੁਲਿਸ (ਮੁੰਬਈ) ਨੂੰ ਸੂਚਨਾ ਦਿੱਤੀ ਸੀ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਜਾਨ ਨੂੰ ਖ਼ਤਰਾ ਹੈ। ਕੇ ਕੇ ਸਿੰਘ ਨੇ ਕਿਹਾ ਸੀ ਕਿ ਬਾਂਦਰਾ ਪੁਲਿਸ ਨੇ ਉਸ ਦੇ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।
ਕੇ ਕੇ ਸਿੰਘ ਨੇ ਕਿਹਾ ਸੀ ਕਿ ਜਦੋਂ ਸੁਸ਼ਾਂਤ ਦੀ 14 ਜੂਨ ਨੂੰ ਮੌਤ ਹੋ ਗਈ ਸੀ, ਅਸੀਂ ਉਸ ਨੂੰ 25 ਫ਼ਰਵਰੀ ਨੂੰ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। 40 ਦਿਨਾਂ ਬਾਅਦ ਵੀ ਉਸਨੇ ਕੋਈ ਕਾਰਵਾਈ ਨਹੀਂ ਕੀਤੀ। ਹਾਰ ਕੇ ਮੈਂ ਪਟਨਾ ਗਿਆ ਅਤੇ ਆਪਣੇ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਪਟਨਾ ਪੁਲਿਸ ਤੁਰੰਤ ਹਰਕਤ ਵਿੱਚ ਆਈ, ਪਰ ਦੋਸ਼ੀ ਹੁਣ ਭੱਜ ਰਹੇ ਹਨ। ਸਾਨੂੰ ਸਾਰਿਆਂ ਨੂੰ ਪਟਨਾ ਪੁਲਿਸ ਦੀ ਮਦਦ ਕਰਨੀ ਚਾਹੀਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਨੇ 14 ਜੂਨ ਨੂੰ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਸੁਸ਼ਾਂਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਜਦੋਂ ਤੋਂ ਬਿਹਾਰ ਪੁਲਿਸ ਸੁਸ਼ਾਂਤ ਦੀ ਖੁਦਕੁਸ਼ੀ ਮਾਮਲੇ ਵਿੱਚ ਸ਼ਾਮਿਲ ਹੋਈ ਹੈ, ਇਹ ਮਾਮਲਾ ਦਿਲਚਸਪ ਹੁੰਦਾ ਜਾ ਰਿਹਾ ਹੈ। ਇਲਜ਼ਾਮ ਲਾਏ ਜਾ ਰਹੇ ਹਨ ਕਿ ਮੁੰਬਈ ਪੁਲਿਸ ਜਾਂਚ ਵਿੱਚ ਬਿਹਾਰ ਪੁਲਿਸ ਦਾ ਪੂਰਾ ਸਹਿਯੋਗ ਨਹੀਂ ਕਰ ਰਹੀ ਹੈ।