ਮੁੰਬਈ: ਕੋਰੋਨਾ ਵਾਇਰਸ ਕਾਰਨ ਘਰਾਂ 'ਚ ਬੈਠੇ ਲੋਕਾਂ ਲਈ ਕੋਰੋਨਾ 'ਤੇ ਬਣ ਰਹੇ ਗੀਤਾਂ ਦੀ ਸੋਸ਼ਲ ਮੀਡੀਆ 'ਤੇ ਝੜੀ ਲੱਗ ਗਈ ਹੈ। ਹਾਲ ਹੀ ਵਿੱਚ ਬਾਲੀਵੁੱਡ ਗਾਇਕ ਏਆਰ ਰਹਿਮਾਨ ਵੀ ਇੱਕ ਨਵਾਂ ਗਾਣਾ ਲੈ ਕੇ ਆਏ ਹਨ। ਇਸ ਗੀਤ ਨੂੰ ਐਚਡੀਐਫਸੀ ਬੈਂਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਦੱਸ ਦੇਈਏ ਕਿ ਰਹਿਮਾਨ ਨੇ ਇਹ ਗੀਤ ਦੇਸ਼ ਭਰ ਦੇ ਮਸ਼ਹੂਰ ਗੀਤਕਾਰਾਂ ਤੇ ਸੰਗੀਤਕਾਰਾਂ ਦੇ ਨਾਲ ਮਿਲਕੇ ਬਣਾਇਆ ਹੈ। ਬੈਂਕ ਦੀ ਬ੍ਰੈਂਡਿੰਗ ਲਈ ਬਣੇ ਇਸ ਗੀਤ 'ਹਮ ਹਾਰ ਨਹੀਂ ਮਾਨੇਂਗੇ' ਦਾ ਉਦੇਸ਼ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਲਗਾਤਾਰ ਲੜਦੇ ਰਹਿਣ ਲਈ ਪ੍ਰੇਰਿਤ ਕਰਨਾ ਹੈ। ਇਹ ਗੀਤ ਉਨ੍ਹਾਂ ਲੋਕਾਂ ਨੂੰ ਵੀ ਸਲਾਮ ਕਰਨ ਦੀ ਗ਼ੱਲ ਕਰਦਾ ਹੈ ਜੋ ਦਿਨ-ਰਾਤ ਕੋਰੋਨਾ ਦੀ ਜੰਗ 'ਚ ਲੱਗੇ ਹੋਏ ਹਨ।
ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਨੇ ਲਿਖੇ ਹਨ ਤੇ ਇਸ ਗੀਤ ਨੂੰ ਦੇਸ਼ ਦੇ ਕਈ ਮਸ਼ਹੂਰ ਗਾਇਕਾਂ ਨੇ ਮਿਲ ਕੇ ਗਾਇਆ ਹੈ। ਮੋਹਿਤ ਚੋਹਾਨ, ਹਰਸ਼ਦੀਪ ਕੌਰ, ਮੀਕਾ ਸਿੰਘ, ਨੀਤੀ ਮੋਹਨ, ਜਾਵੇਦ ਅਲੀ, ਖ਼ਤੀਜਾ ਰਹਿਮਾਨ ਵਰਗੇ ਕਈ ਹੋਰ ਗਾਇਕਾਂ ਨੇ ਇਸ ਗੀਤ ਨੂੰ ਆਪਣੀ ਅਵਾਜ਼ ਦਿੱਤੀ ਹੈ।