ਟੋਰਾਂਟੋ: ਖਗੋਲ ਵਿਗਿਆਨੀਆਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਸ਼ਨੀ ਗ੍ਰਹਿ ਦੇ ਚੱਕਰ ਵਿੱਚ 62 ਨਵੇਂ ਚੰਦਰਮਾ ਲੱਭੇ ਹਨ, ਜਿਸ ਨਾਲ ਗ੍ਰਹਿ ਦੀ ਕੁੱਲ ਗਿਣਤੀ 145 ਹੋ ਗਈ ਹੈ। ਸੂਰਜੀ ਮੰਡਲ ਵਿੱਚ ਚੰਦਰਮਾ ਦੀ ਗਿਣਤੀ ਦੀ ਦੌੜ ਵਿੱਚ ਸ਼ਨੀ ਇੱਕ ਵਾਰ ਫਿਰ ਜੁਪੀਟਰ ਨੂੰ ਪਛਾੜ ਕੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਨਵੀਆਂ ਖੋਜਾਂ ਦਾ ਮਤਲਬ ਹੈ ਕਿ ਸ਼ਨੀ ਨੇ ਨਾ ਸਿਰਫ਼ ਸਭ ਤੋਂ ਵੱਧ ਜਾਣੇ-ਪਛਾਣੇ ਚੰਦਰਮਾ ਹੋਣ ਦਾ ਆਪਣਾ ਤਾਜ ਮੁੜ ਪ੍ਰਾਪਤ ਕੀਤਾ ਹੈ, ਪਰ ਇਸ ਕੋਲ 100 ਤੋਂ ਵੱਧ ਖੋਜੇ ਗਏ ਚੰਦਰਮਾ ਹਨ।
ਸ਼ਨੀ ਕੋਲ ਬਾਕੀ ਸਾਰੇ ਗ੍ਰਹਿਆਂ ਦੀ ਤੁਲਨਾ ਵਿੱਚ ਜ਼ਿਆਦਾ ਚੰਦਰਮਾ: ਜੁਪੀਟਰ, ਜਿਸ ਨੇ ਫਰਵਰੀ ਵਿੱਚ ਆਪਣੇ 12 ਨਵੇਂ ਚੰਦਰਮਾ ਸ਼ਾਮਲ ਕੀਤੇ ਸੀ, ਕੋਲ 95 ਚੰਦ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਖਗੋਲ ਸੰਘ-ਆਈਯੂਏ ਦੁਆਰਾ ਰਸਮੀ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਗਾਰਡੀਅਨ ਦੀ ਇੱਕ ਰਿਪੋਰਟ ਵਿੱਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਖਗੋਲ-ਭੌਤਿਕ ਵਿਗਿਆਨੀ ਪ੍ਰੋਫੈਸਰ ਬ੍ਰੈਟ ਗਲੇਡਮੈਨ ਨੇ ਕਿਹਾ ਕਿ ਸ਼ਨੀ ਨੇ ਨਾ ਸਿਰਫ ਆਪਣੇ ਚੰਦਾਂ ਦੀ ਗਿਣਤੀ ਨੂੰ ਲਗਭਗ ਦੁੱਗਣਾ ਕਰ ਲਿਆ ਹੈ, ਸਗੋਂ ਹੁਣ ਸੂਰਜੀ ਸਿਸਟਮ ਦੇ ਬਾਕੀ ਸਾਰੇ ਗ੍ਰਹਿਆਂ ਦੀ ਤੁਲਨਾ ਵਿੱਚ ਉਸਦੇ ਕੋਲ ਜ਼ਿਆਦਾ ਚੰਦਰਮਾ ਹਨ।
ਸ਼ਨੀ ਦੇ ਚੰਦਰਮਾ ਦੀ ਗਿਣਤੀ: ਸ਼ਨੀ ਦੇ ਇਹ ਨਵੇਂ ਚੰਦ ਨੰਬਰਾਂ ਅਤੇ ਅੱਖਰਾਂ ਦੁਆਰਾ ਸੂਚਿਤ ਕੀਤੇ ਗਏ ਹਨ। ਉਹਨਾਂ ਨੂੰ ਬਾਅਦ ਵਿੱਚ ਗੈਲਿਕ, ਨੋਰਸ ਅਤੇ ਕੈਨੇਡੀਅਨ ਇਨੂਇਟ ਦੇਵਤਿਆਂ ਦੇ ਅਧਾਰ ਤੇ ਨਾਮ ਦਿੱਤੇ ਜਾਣਗੇ, ਜਿਵੇਂ ਕਿ ਸ਼ਨੀ ਦੇ ਚੰਦਰਮਾ ਲਈ ਪਰੰਪਰਾ ਰਹੀ ਹੈ। ਸਾਰੇ ਨਵੇਂ ਚੰਦ ਅਨਿਯਮਿਤ ਚੰਦਰਮਾ ਦੀ ਸ਼੍ਰੇਣੀ ਵਿੱਚ ਹਨ। ਇਹ ਮੰਨਿਆ ਜਾਂਦਾ ਹੈ ਕਿ ਸ਼ੁਰੂ ਵਿੱਚ ਉਹ ਮੇਜ਼ਬਾਨ ਗ੍ਰਹਿ ਦੁਆਰਾ ਫੜੇ ਗਏ ਸਨ। ਨਿਯਮਤ ਚੰਦਰਮਾ ਦੀ ਤੁਲਨਾ ਵਿੱਚ ਅਨਿਯਮਿਤ ਚੰਦ੍ਰਮਾਂ ਦਾ ਚੱਕਰ ਵੱਡਾ, ਅੰਡਾਕਾਰ ਅਤੇ ਝੁਕਾਅ ਵਾਲਾ ਹੁੰਦਾ ਹੈ। ਸ਼ਨੀ ਦੇ ਜਾਣੇ ਜਾਂਦੇ ਅਨਿਯਮਿਤ ਚੰਦਰਮਾਂ ਦੀ ਗਿਣਤੀ ਹੁਣ ਦੁੱਗਣੀ ਤੋਂ ਵੱਧ ਕੇ 121 ਹੋ ਗਈ ਹੈ। ਸ਼ਨੀ ਦੇ 24 ਨਿਯਮਿਤ ਚੰਦਰਮਾ ਹਨ।