ਬਟਾਲਾ: ਸ਼ਹਿਰ ਵਿੱਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇੱਕ ਦੁੱਧ ਵਪਾਰੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਸ਼ਹਿਰ ਦੇ ਅਚਲੀ ਗੇਟ ਇਲਾਕੇ ਦੇ ਰਹਿਣ ਵਾਲੇ ਅਰੁਣ ਕੁਮਾਰ (35) ਨੇ ਕਥਿਤ ਤੌਰ 'ਤੇ ਪਿੰਡ ਰਾਏ ਚੱਕ ਦੇ ਮਾਹਮ ਗੁੱਜਰ ਨਾਂਅ ਦੇ ਵਿਅਕਤੀ ਦੇ ਧਮਕਾਉਣ 'ਤੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਮਾਹਮ ਗੁੱਜਰ 'ਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ। ਫਿਲਹਾਲ ਕਥਿਤ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਅਰੁਣ ਦੀ ਪਤਨੀ ਪ੍ਰੀਤੀ ਨੇ ਦੱਸਿਆ ਕਿ ਉਸ ਦਾ ਪਤਾ ਡੇਅਰੀ ਦਾ ਕਾਰੋਬਾਰ ਕਰਦਾ ਸੀ। ਇਸ ਦੌਰਾਨ ਰਾਏ ਚੱਕ ਦੇ ਮਾਹਮ ਗੁੱਜਰ ਨਾਲ ਉਸ ਦਾ ਕੋਈ ਪੈਸੇ ਦਾ ਲੈਣ ਦੇਣ ਸੀ। ਇਸੇ ਨੂੰ ਲੈ ਕੇ ਉਸ ਨੂੰ ਕਈ ਦਿਨਾਂ ਤੋਂ ਫੋਨ ਆ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਰੁਣ ਨੇ ਮਾਹਮ ਗੁੱਜਰ ਤੋਂ ਪੈਸੇ ਲੈਣੇ ਸਨ ਪਰ ਗੁੱਜਰ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮਾਹਮ ਗੁੱਜਰ ਅਰੁਣ ਨੂੰ ਧਮਕਾ ਰਿਹਾ ਸੀ, ਜਿਸ ਕਾਰਨ ਅਰੁਣ ਨੇ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਜੀਜਾ ਪਰਵਿੰਦਰ ਸਿੰਘ ਨੇ ਦੱਸਿਆ ਕਿ ਮਾਹਮ ਗੁੱਜਰ ਦੀਆਂ ਧਮਕੀਆਂ ਦੇ ਚੱਲਦੇ ਹੋਏ ਹੀ ਅਰੁਣ ਕੁਮਾਰ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਸਾਰੇ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਮਾਹਮ ਗੁੱਜਰ ਦੇ ਖ਼ਿਲਾਫ਼ ਧਾਰਾ 306 ਅਧੀਨ ਮਕੁੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।