ਖੰਨਾ : ਲੌਕਡਾਊਨ ਦੌਰਾਨ ਅਪਰਾਧਕ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਪਾਇਲ ਵਿਖੇ ਇੱਕ ਫੈਕਟਰੀ ਮਾਲਕ ਨਾਲ ਦਿਨ-ਦਿਹਾੜੇ ਲੁੱਟ ਹੋਣ ਦੀ ਖ਼ਬਰ ਹੈ। ਦੋ ਅਣਪਛਾਤੇ ਲੁੱਟੇਰਿਆਂ ਨੇ ਫੀਡ ਫੈਕਟਰੀ ਦੇ ਮਾਲਕ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਕੀਤੀ ਤੇ ਉਸ ਤੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਸ ਘਟਨਾ ਬਾਰੇ ਦੱਸਦੇ ਹੋਏ ਪੀੜਤ ਫੈਕਟਰੀ ਮਾਲਕ ਕੇਵਲ ਸਿੰਘ ਨੇ ਦੱਸਿਆ ਕਿ ਉਹ ਇੱਕ ਫੀਡ ਫੈਕਟਰੀ ਚਲਾਉਂਦੇ ਹਨ। ਦਿਨ ਦੇ ਸਮੇਂ ਉਹ ਆਪਣੇ ਭਰਾ, ਭੈਣ ਤੇ ਜੀਜੇ ਨਾਲ ਆਪਣੇ ਦਫ਼ਤਰ 'ਚ ਬੈਠੇ ਸਨ। ਅਚਾਨਕ ਉਨ੍ਹਾਂ ਦੇ ਦਫ਼ਤਰ 'ਚ ਦੋ ਅਣਪਛਾਤੇ ਲੋਕ ਦਾਖ਼ਲ ਹੋਏ, ਉਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਪਿਸਤੌਲ ਦੀ ਨੋਕ 'ਤੇ ਲੁਟੇਰੇ ਉਨ੍ਹਾਂ ਕੋਲੋਂ 32 ਬੋਰ ਦੀ ਇੱਕ ਲਾਇਸੈਂਸੀ ਰਿਵਾਲਵਰ ਤੇ 2 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਾਲੀ ਥਾਂ ਤੋਂ ਸੀਸੀਟੀਵੀ ਫੁੱਟੇਜ ਦੀ ਜਾਂਚ ਕੀਤੀ। ਸ਼ਹਿਰ ਪਾਇਲ ਦੇ ਡੀਐਸਪੀ ਹਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਵਾਲੀ ਥਾਂ ਤੋਂ ਸੀਸੀਟੀਵੀ ਫੁੱਟੇਜ ਚੈਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਪਛਾਣ ਹੋਣ 'ਤੇ ਜਲਦ ਹੀ ਲੁੱਟਮਾਰ ਕਰਨ ਵਾਲੇ ਲੁੱਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।