ਤਰਨ ਤਾਰਨ: ਪਿੰਡ ਸ਼ੇਰੋਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਕੁ ਵੱਧ ਗਿਆ ਕਿ ਦੋਹਾਂ ਧਿਰਾਂ ਨੇ ਇੱਕ- ਦੂਜੇ 'ਤੇ ਗੋਲੀਆਂ ਚਲਾਈਆਂ। ਇਸ ਘਟਨਾ 'ਚ 1 ਵਿਅਕਤੀ ਦੀ ਮੌਤ ਹੋ ਗਈ।
ਇਸ ਘਟਨਾ ਬਾਰੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਤਰਨ ਤਾਰਨ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ ਲਿਆ।
ਘਟਨਾ ਬਾਰੇ ਦੱਸਦੇ ਹੋਏ ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਦੋ ਵਾਸੀਆਂ ਜਸਦੀਪ ਸਿੰਘ ਤੇ ਸੁਖਦੇਵ ਸਿੰਘ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦ ਸੁਖਦੇਵ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਜਬਰਨ ਜਸਦੀਪ ਸਿੰਘ ਦੀ ਜ਼ਮੀਨ ਵਾਹੁਣ ਲੱਗਾ। ਜਸਦੀਪ ਨੇ ਜਦ ਵਿਰੋਧੀ ਧਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਵਿਚਾਲੇ ਵਿਵਾਦ ਵੱਧ ਗਿਆ। ਦੋਹਾਂ ਧਿਰਾਂ ਵਿਚਾਲੇ ਝਗੜਾ ਇੰਨਾ ਕੁ ਵੱਧ ਗਿਆ ਕਿ ਦੋਹਾਂ ਧਿਰਾਂ ਨੇ ਇੱਕ- ਦੂਜੇ 'ਤੇ ਗੋਲੀਆਂ ਚਲਾਈਆਂ। ਇਸ ਘਟਨਾ 'ਚ 1 ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਅੰਗ੍ਰੇਜ ਸਿੰਘ ਵਾਲੀ ਪਿੰਡ ਛਾਪੇਵਾਲੀ ਥਾਣਾ ਮਲੋਟ ਵਜੋਂ ਹੋਈ ਹੈ। ਹੋਰਨਾਂ ਦੋ ਜ਼ਖਮੀ ਲੋਕਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਕੁੱਝ ਜ਼ਿੰਦਾ ਕਾਰਤੂਸ ਤੇ ਕੁੱਝ ਇਸਤੇਮਾਲ ਕੀਤੇ ਹੋਏ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਵਾਰਦਾਤ ਦੇ ਸਮੇਂ 315 ਬੋਰ ਤੇ 12 ਬੋਰ ਦੀਆਂ ਰਾਈਫਲਾਂ ਦਾ ਇਸਤੇਮਾਲ ਕੀਤਾ ਗਿਆ ਹੈ। ਵਾਰਦਾਤ ਤੋਂ ਬਾਅਦ ਦੋਹਾਂ ਧਿਰਾਂ ਦੇ ਮੁਲਜ਼ਮ ਫਰਾਰ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।