ਜਲੰਧਰ : ਕੋਰੋਨਾ ਵਾਇਰਸ ਸੰਕਟ ਦੇ ਦੌਰਾਨ ਜਿਥੇ ਇੱਕ ਪਾਸੇ ਪੁਲਿਸ ਮੁਲਾਜ਼ਮਾਂ ਵੱਲੋਂ ਚੰਗੇ ਕੰਮ ਕੀਤੇ ਜਾਣ ਦੀ ਸ਼ਲਾਘਾ ਕੀਤੀ ਗਈ ਹੈ, ਉਥੇ ਹੀ ਹੁਣ ਲੌਕਡਾਊਨ ਖ਼ਤਮ ਹੁੰਦੇ ਹੀ ਕੁੱਝ ਮੁਲਾਜ਼ਮ ਵਿਵਾਦਾਂ 'ਚ ਘਿਰ ਗਏ ਹਨ।
ਦਰਅਸਲ ਇੱਕ ਵਿਅਕਤੀ ਵੱਲੋਂ ਥਾਣਾ ਬਸਤੀ ਬਾਵਾ ਖੇਲ ਦੇ ਏਸੀਪੀ ਤੇ ਥਾਣੇ ਦੇ ਹੋਰਨਾਂ ਕੁੱਝ ਅਧਿਕਾਰੀਆਂ ਉੱਤੇ ਨਸ਼ਾ ਤਸਰਕਰਾਂ ਨਾਲ ਸਬੰਧ ਹੋਣ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤ ਕਰਤਾ ਰਾਜੂ ਚੌਹਾਨ ਨੇ ਦੱਸਿਆ ਕਿ ਜਲੰਧਰ ਵੈਸਟ ਦੇ ਰਾਜ ਗਰ ਇਲਾਕੇ 'ਚ ਕਈ ਲੋਕ ਸ਼ਰਾਬ ਤਸਕਰੀ ਦਾ ਕੰਮ ਕਰਦੇ ਹਨ ਅਤੇ ਬਸਤੀ ਬਾਵਾ ਖੇਲ ਦੇ ਏਸੀਪੀ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈ ਕੇ ਉਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ।
ਰਾਜੂ ਨੇ ਕਿਹਾ ਕਿ ਉਕਤ ਏਸੀਪੀ ਹੇਠ ਕੰਮ ਕਰਨ ਵਾਲਾ ਮੁਲਾਜ਼ਮ ਗੋਪੀ ਸਾਰੇ ਨਸ਼ਾ ਤਸਕਰਾਂ ਕੋਲੋਂ ਕੁਲੈਕਸ਼ਨ ਕਰਦਾ ਹੈ। ਸ਼ਿਕਾਇਤ ਕਰਤਾ ਰਾਜੂ ਨੇ ਏਸੀਪੀ ਤੇ ਉੱਚ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਪੂਰੇ ਸਬੂਤਾਂ ਸਮੇਤ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਰਿੱਟ ਪਟੀਸ਼ਨ ਵੀ ਦਾਖਲ ਕਰ ਚੁੱਕੇ ਹਨ। ਇਸ ਦੇ ਚਲਦੇ ਏਸੀਪੀ ਅਤੇ ਉਸ ਦੇ ਥਾਣੇ ਦੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਵਾਰ-ਵਾਰ ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪੁਲਿਸ ਹੁਣ ਤੱਕ 20 ਤੋਂ 25 ਵਾਰ ਉਸ ਦੇ ਘਰ ਰੇਡ ਕਰ ਚੁੱਕੀ ਹੈ। ਰਾਜੂ ਨੇ ਏਸੀਪੀ 'ਤੇ ਦੋਸ਼ ਲਾਉਂਦੇ ਹੋਏ ਆਖਿਆ ਕਿ ਏਸੀਪੀ ਉਸ ਦੇ ਘਰ ਕੋਈ ਨਸ਼ੀਲੀ ਵਸਤੂ ਰਖਵਾ ਕੇ ਉਸ ਫਸਾਉਣਾ ਚਾਹੁੰਦੇ ਹਨ। ਸ਼ਿਕਾਇਤ ਕਰਤਾ ਨੇ ਆਖਿਆ ਕਿ ਵਾਰ-ਵਾਰ ਰੇਡ ਕਰਨ ਦੇ ਚਲਦੇ ਉਹ ਤੇ ਉਸ ਦਾ ਪਰਿਵਾਰ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਪੁਲਿਸ ਕਮਿਸ਼ਨਰ ਤੇ ਉਕਤ ਉੱਚ ਅਧਿਕਾਰੀਆਂ ਤੋਂ ਮੁਲਜ਼ਮ ਏਸੀਪੀ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨਗੇ। ਉਨ੍ਹਾਂ ਆਖਿਆ ਕਿ ਰਾਜੂ ਚੌਹਾਨ ਖੁਦ ਸ਼ਰਾਬ ਤਸਕਰੀ ਦਾ ਕੰਮ ਕਰਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ 'ਚ ਕੋਈ ਵੀ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਜਾਂਦਾ ਹੈ ਤਾਂ ਜ਼ੀਰੋ ਟਾਲਰੈਂਸ ਦੇ ਅਧੀਨ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।