ਅੰਮ੍ਰਿਤਸਰ: ਕੁੜੀਆਂ ਨਾਲ ਛੇੜਛਾੜ ਕਰਨ ਤੋਂ ਰੋਕਣ ਕਾਰਨ ਕੁੱਝ ਨੌਜਵਾਨਾਂ ਨੇ ਸ਼ਹਿਰ ਢੱਪਾਈ ਸਥਿਤ ਲੋਹਾਰਾਂ ਵਾਲੀ ਗਲੀ ਦੇ ਵਸਨੀਕ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਨਾਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਸਰਕਾਰੀ ਸਕੂਲ ਹੈ। ਕੁੱਝ ਨੌਜਵਾਨ ਅਕਸਰ ਇਸ ਸਕੂਲ ਵਿੱਚ ਪੜ੍ਹਨ ਵਾਲੀ ਕੁੜੀਆਂ ਨੂੰ ਛੇੜਦੇ ਸਨ। ਉਸ ਦੇ ਪਿਤਾ ਅਤੇ ਮੁੱਹਲੇ ਦੇ ਹੋਰਨਾਂ ਕਈ ਲੋਕਾਂ ਨੇ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਾ ਮੰਨੇ।
ਉਸ ਦੇ ਪਿਤਾ ਨੇ ਉਕਤ ਨੌਜਵਾਨਾਂ ਨੂੰ ਕੁੜੀਆਂ ਨਾਲ ਛੇੜਛਾੜ ਕਰਨ ਤੋਂ ਰੋਕਦੇ ਹੋਏ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸੇ ਰੰਜਿਸ਼ ਦੇ ਚਲਦੇ ਉੱਕਤ ਹਮਲਾਵਰਾਂ ਨੇ ਉਸ ਦੇ ਪਿਤਾ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਤੇ ਫਰਾਰ ਹੋ ਗਏ। ਇਸ ਹਮਲੇ ਦੌਰਾਨ ਗੁਰਨਾਮ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ: ਜਗਰਾਓਂ ਵਿੱਚ ਨਾਕਾਬੰਦੀ ਦੌਰਾਨ 2 ਕਿਲੋ ਹੈਰੋਇਨ ਸਮੇਤ 3 ਕਾਬੂ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।