ਲੁਧਿਆਣਾ : ਸ਼ਹਿਰ ਦੇ ਦੁੱਗਰੀ ਰੋਡ 'ਤੇ ਇੱਕ ਜਿਮ ਦੇ ਬਾਹਰ ਸਵੇਰੇ ਕੁੱਝ ਲੋਕਾਂ ਵੱਲੋਂ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪੁੱਜੀ। ਘਟਨਾ ਵਾਲੀ ਥਾਂ ਜਾਂਚ ਲਈ ਪੁੱਜੇ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁੱਗਰੀ ਰੋਡ ਤੇ ਇੱਕ ਜਿਮ ਦੇ ਬਾਹਰ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜੇ। ਅਧਿਕਾਰੀ ਨੇ ਦੱਸਿਆ ਕਿ ਦੋ ਧਿਰਾਂ ਵਿਚਾਲੇ ਆਪਸੀ ਰੰਜਿਸ਼ ਦੇ ਚਲਦੇ ਇਹ ਘਟਨਾ ਵਾਪਰੀ। ਜਾਣਕਾਰੀ ਮੁਤਾਬਕ ਕੁਲਦੀਪ ਤੇ ਭਿੰਦਰ ਨਾਂਅ ਦੇ ਦੋ ਨੌਜਵਾਨ ਇਥੇ ਜਿਮ ਕਰਨ ਆਉਂਦੇ ਸਨ। ਉਨ੍ਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਹ ਬਹਿਸ ਇੰਨੀ ਕੁ ਵੱਧ ਗਈ ਕਿ ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਭਿੰਦਰ ਨੇ ਗੱਡੀ ਚੋਂ ਆਪਣੀ ਰਿਵਾਲਵਰ ਕੱਢ ਕੇ ਹਵਾਈ ਫਾਇਰ ਕੀਤੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਕਿ ਬਾਕੀ ਮੁਲਜ਼ਮ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਜਿਮ ਦੇ ਬਾਹਰ ਲੱਗੇ ਕੈਮਰੇ ਦੀ ਸੀਸੀਟੀਵੀ ਫੁਟੇਜ ਬਰਾਮਦ ਕਰ ਮਾਮਲੇ ਦੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।