ਲੁਧਿਆਣਾ: ਬੀਤੀ ਰਾਤ ਮੁੱਲਾਂਪੁਰ ਦੇ ਮੁੱਹਲੇ ਪ੍ਰੇਮ ਨਗਰ 'ਚ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ 'ਚ ਪਿਉ ਪੁੱਤ ਜ਼ਿੰਦਾ ਸੜ ਗਏ। ਮਰਨ ਵਾਲਿਆਂ ਦੀ ਪਛਾਣ ਨਾਰਾਇਣ( 36) ਅਤੇ ਉਸਦਾ ਪੁੱਤਰ ਰੋਸ਼ਨ (13) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਪਿਉ ਪੁੱਤ ਇਕਲੇ ਹੀ ਝੁੱਗੀ 'ਚ ਸੁੱਤੇ ਹੋਏ ਸੀ। ਮ੍ਰਿਤਕ ਨਾਰਾਇਣ ਦੀ ਪਤਨੀ ਸ਼ੋਭਾ ਆਪਣੇ 2 ਹੋਰ ਪੁੱਤਰਾਂ ਨਾਲ ਬਿਹਾਰ ਗਈ ਹੋਈ ਸੀ।
ਦਾਖਾ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਆਉਣ ਤੱਕ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ 'ਚ ਰੱਖਵਾ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਅਤੇ ਵਾਰਡ ਕੌਸਲਰ ਜਸਵਿੰਦਰ ਸਿੰਘ ਹੈਪੀ ਦਾ ਕਹਿਣਾ ਸੀ ਕਿ ਜਦੋ ਰਾਤ 11 ਵਜੇ ਇਹ ਹਾਦਸਾ ਵਾਪਰਿਆ ਉਦੋਂ ਦੋਹੇ ਪਿਉ ਪੁੱਤਰ ਰੋਟੀ ਖਾ ਕੇ ਸੁੱਤੇ ਪਏ ਸਨ। ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਵੀ ਮੌਕੇ 'ਤੇ ਜਾ ਕੇ ਇਸ ਘਟਨਾ ਦਾ ਜਾਇਜ਼ਾ ਲਿਆ ਤੇ ਲੋਕਾਂ ਪਾਸੋਂ ਇਸ ਦੀ ਜਾਣਕਾਰੀ ਹਾਸਲ ਕੀਤੀ।