ਪਟਿਆਲਾ : ਪੰਜਾਬ ਦੀਆਂ ਜੇਲ੍ਹਾਂ 'ਚ ਲਗਾਤਾਰ ਅਪਰਾਧਕ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਪੰਜਾਬ ਸਰਾਕਰ ਵੱਲੋਂ ਜਿਥੇ ਜੇਲ੍ਹਾਂ 'ਚ ਪੁਖ਼ਤਾ ਪ੍ਰਬੰਧ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਜੇਲ੍ਹ 'ਚ ਕੈਦੀਆਂ ਵਿਚਾਲੇ ਝਗੜਾ ਹੋਣ ਨਾਲ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ।
ਇਸ ਘਟਨਾ ਬਾਰੇ ਜ਼ਖਮੀ ਕੈਦੀ ਦਰਸ਼ਨ ਸਿੰਘ ਨੇ ਦੱਸਿਆ ਕਿ ਹਮਲਾਵਰ ਕੈਦੀ ਜੇਲ੍ਹ ਦੀ ਵਾਰਡ ਨੰਬਰ 4 'ਚ ਬੰਦ ਸੀ। ਉਹ ਆਪਣੇ ਕਿਸੇ ਸਾਥੀ ਨੂੰ ਮਿਲਣ ਲਈ ਵਾਰਡ ਨੰਬਰ 2 ਮਿਲਣ ਜਾਣਾ ਚਾਹੁੰਦਾ ਸੀ। ਮੁਲਾਜ਼ਮ ਦੇ ਮਨਾ ਕਰਨ 'ਤੇ ਉਹ ਜਬਰਨ ਉਥੇ ਜਾਣ ਦੀ ਕੋਸ਼ਿਸ਼ ਕਰਨ ਲਗਾ। ਮੁੜ ਮੁਲਾਜ਼ਮ ਵੱਲੋਂ ਰੋਕੇ ਜਾਣ 'ਤੇ ਉਸ ਨੇ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ, ਜਿਵੇ ਹੀ ਉਹ ਮੁਲਾਜ਼ਮ ਦਾ ਬਚਾਅ ਕਰਨ ਲਈ ਉਸ ਨੂੰ ਫੜਨ ਲੱਗਾ ਤਾਂ ਹਮਲਾਵਰ ਕੈਦੀ ਨੇ ਉਸ ਦੇ ਸਿਰ 'ਤੇ ਨੁਕੀਲੀ ਚੀਜ਼ ਨਾਲ ਹਮਲਾ ਕਰ ਦਿੱਤਾ। ਜਿਸ ਕਰਾਨ ਉਹ ਗੰਭੀਰ ਜ਼ਖਮੀ ਹੋ ਗਿਆ।
ਇਸ ਬਾਰੇ ਦੱਸਦੇ ਹੋਏ ਜੇਲ੍ਹ ਦੇ ਹਵਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਕੈਦੀ ਵੱਲੋਂ ਨੁਕੀਲੀ ਚੀਜ਼ ਨਾਲ ਵਾਰ ਕਰਨ ਦੇ ਕਾਰਨ ਦਰਸ਼ਨ ਸਿੰਘ ਦੇ ਸਿਰ 'ਤੇ ਦੋ ਥਾਂ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੇ ਸਿਰ 'ਤੇ ਟਾਂਕੇ ਵੀ ਲੱਗੇ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਮੁਲਜ਼ਮ ਖਿਲਾਫ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਜਾਰੀ ਹੈ।