ਅੰਮ੍ਰਿਤਸਰ: ਸ਼ਹਿਰ ਦੇ ਹਰੀਪੁਰਾ ਇਲਾਕੇ 'ਚ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋ ਗਿਆ। ਇਸ ਮਾਮਲੇ 'ਤੇ ਇੱਕ ਧਿਰ ਨੇ ਦੂਜੀ ਧਿਰ ਦੇ ਲੋਕਾਂ ਉੱਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਪੁਲਿਸ 'ਤੇ ਵੀ ਢੰਗ ਨਾਲ ਕਾਰਵਾਈ ਨਾ ਕਰਨ ਦੇ ਦੋਸ਼ ਲਾਏ।
ਪੀੜਤ ਪਰਿਵਾਰ ਨੇ ਮਾਮਲੇ 'ਚ ਪੁਲਿਸ ਵੱਲੋਂ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਦੇ ਰੋਸ ਪ੍ਰਗਟ ਕਰਦੇ ਹੋਏ ਗੁਰਬਖਸ਼ ਨਗਰ ਸਥਿਤ ਪੁਲਿਸ ਚੌਕੀ ਦਾ ਘਿਰਾਓ ਕੀਤਾ। ਲੋਕਾਂ ਨੇ ਸੜਕ ਜਾਮ ਕਰ ਪੁਲਿਸ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਪੀੜਤ ਨੌਜਵਾਨ ਕ੍ਰਿਸ਼ਨ ਨੇ ਦੱਸਿਆ ਕਿ ਉਹ ਹਰੀਪੁਰਾ ਇਲਾਕੇ ਦਾ ਵਸਨੀਕ ਹੈ। ਸਾਲ 2007 ਵਿੱਚ ਉਸ ਦਾ ਦੂਜੇ ਧਿਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਹੁਣ ਮੁੜ ਪੰਜ ਦਿਨ ਪਹਿਲਾਂ ਦੂਜੀ ਧਿਰ ਦੇ ਲੋਕਾਂ ਨੇ ਉਸ ਨੂੰ ਰਸਤੇ ਵਿੱਚ ਰੋਕ ਕੇ ਉਸ ਨਾਲ ਗਾਲੀ-ਗਲੌਚ ਕੀਤੀ। ਕੁੱਝ ਸਮੇਂ ਬਾਅਦ ਵਿਰੋਧੀ ਧਿਰ ਦੇ ਲੋਕ 40-50 ਅਣਪਛਾਤੇ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਉੱਤੇ ਹਮਲਾ ਕਰਨ ਪਹੁੰਚੇ, ਪਰ ਉਹ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਗਿਆ। ਪੀੜਤ ਪਰਿਵਾਰ ਦੇ ਮੁਤਾਬਕ ਸਾਰੇ ਮੁਲਜ਼ਮਾਂ ਕੋਲੋ ਤੇਜ਼ਧਾਰ ਹਥਿਆਰ ਸਨ ਅਤੇ ਉਹ ਕ੍ਰਿਸ਼ਨਾਂ ਨੂੰ ਜਾਨ ਤੋਂ ਮਾਰਨ ਆਏ ਸਨ। ਪੀੜਤ ਪਰਿਵਾਰ ਨੇ ਘਟਨਾ ਸੀਸੀਟੀਵੀ 'ਚ ਕੈਦ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਵੱਲੋਂ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦਿੱਤੀ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਜਬੂਰਨ ਪੁਲਿਸ ਥਾਣੇ ਦਾ ਘਿਰਾਓ ਕਰਨਾ ਪੈ ਰਿਹਾ ਹੈ, ਕਿਉਂਕਿ ਪੁਲਿਸ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕਰ ਰਹੀ ਹੈ। ਉਹ ਇਨਸਾਫ ਲਈ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪੁਲਿਸ ਥਾਣੇ ਆ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਦੂਜੇ ਪਾਸੇ ਜਦੋਂ ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੀ ਪੁਰਾਣੀ ਰੰਜਿਸ਼ ਹੈ। ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ, ਪਰ ਦੋਵੇਂ ਧਿਰਾਂ ਨੇ ਥਾਣੇ ਤੋਂ ਬਾਹਰ ਰਾਜ਼ੀਨਾਮਾ ਕਰ ਲਿਆ ਸੀ। ਇਸ ਸਬੰਧੀ ਲਿਖਤ ਪੜ੍ਹਤ ਕਰਨ ਲਈ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ।