ਸ੍ਰੀ ਮੁਕਤਸਰ ਸਾਹਿਬ: 30 ਦਸੰਬਰ ਨੂੰ ਬੈਂਕ 'ਚ ਜਮ੍ਹਾਂ ਕਰਵਾਉਣ ਆਏ ਗ੍ਰਾਹਕ ਤੋਂ ਬੈਂਕ 'ਚ ਹੀ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਪੀੜਤ ਮੂੰਗਫਲੀ ਦਾ ਵਪਾਰੀ(ਧਰਮਾਂ) 'ਤੇ ਬੈਂਕ 'ਚ ਪੈਸੇ ਜਮਾਂ ਕਰਵਾਉਦੇ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੇ ਪੈਸਿਆਂ ਦੇ ਭਰੇ ਬੈਗ 'ਤੇ ਹਮਲਾ ਕਰ ਦਿੱਤਾ ਤੇ ਉਸ ਦੇ ਬੈਗ ਨੂੰ ਲੈ ਕੇ ਨੌ ਦੌ ਗਿਆਰਾਂ ਹੋ ਗਿਆ। ਇਸ ਮਗਰੋਂ ਜਾਂਚ ਪੜਤਾਲ ਦੌਰਾਨ ਪੁਲਿਸ ਮੁਲਾਜ਼ਮਾਂ ਨੇ 24 ਘੰਟਿਆ ਦੇ ਅੰਦਰ ਉਸ ਅਣਪਛਾਤੇ ਵਿਅਕਤੀ (ਜੀਵਨ ਸਿੰਘ) ਨੂੰ ਕਾਬੂ ਕੀਤਾ।
ਇਸ ਮਾਮਲੇ 'ਤੇ ਐਸ.ਪੀ ਗੁਰਮੇਲ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਧਰਮਾਂ ਨਾਂਅ ਦਾ ਨੌਜਵਾਨ ਜੋ ਕਿ ਮੂੰਗਫਲੀ ਦਾ ਵਪਾਰੀ ਹੈ। ਉਹ ਪੰਜਾਬ ਨੈਸ਼ਨਲ ਬੈਂਕ 'ਚ 4 ਲੱਖ 80 ਹਜ਼ਾਰ ਦੀ ਨਕਦੀ ਰਕਮ ਨੂੰ ਜਮਾਂ ਕਰਵਾਉਣ ਲਈ, ਬੈਂਕ ਦੀ ਲਾਈਨ 'ਚ ਖੜਾ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਤੋਂ ਪੈਸਿਆ ਦੇ ਬੈਗ ਨੂੰ ਲੁੱਟ ਲਿਆ।
ਇਹ ਵੀ ਪੜ੍ਹੋ: ਜਲੰਧਰ: ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ 'ਤੇ ਸਜਾਇਆ ਨਗਰ ਕੀਰਤਨ
ਐਸ.ਪੀ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਦਰਜ ਹੋਣ ਮਗਰੋਂ ਪੁਲਿਸ ਨੇ ਬੈਂਕ ਦੀ ਸੀ.ਸੀ.ਟੀ.ਵੀ ਫੁਟੇਜ ਨੂੰ ਚੈੱਕ ਕੀਤਾ ਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ। ਜਿਸ 'ਤੇ ਮੁਕਤਸਰ ਪੁਲਿਸ ਨੇ 24 ਘੰਟਿਆ ਦੇ ਅੰਦਰ ਉਸ ਜੀਵਨ ਸਿੰਘ ਨੂੰ ਕਾਬੂ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਜੀਵਨ ਸਿੰਘ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰਾਮੇਆਣਾ ਦਾ ਰਹਿਣ ਵਾਲਾ ਹੈ ਉਸ ਨੂੰ 24 ਘੰਟਿਆਂ ਦੇ ਵਿੱਚ 4 ਲੱਖ 43 ਹਜ਼ਾਰ ਦੀ ਰਕਮ ਸਮੇਤ ਮੁਕਤਸਰ ਦੇ ਲਾਹੌਰੀਏ ਦੇ ਢਾਬੇ ਕੋਲੋਂ ਕਾਬੂ ਕੀਤਾ ਹੈ ਤੇ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਲਜ਼ਮ ਨੇ ਵੀ ਆਪਣਾ ਕੀਤੇ ਗੁਨਾਹ ਨੂੰ ਵੀ ਕਬੂਲਿਆ ਹੈ।