ਚੰਡੀਗੜ੍ਹ: ਫਿਲਪੀਨ ਦੀ ਰਾਜਧਾਨੀ ਮਨੀਲਾ ਵਿੱਚ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਉਨ੍ਹਾਂ ਦੇ ਘਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ। ਉੱਥੇ ਹੀ ਹੁਣ ਇਸ ਤੋਂ ਬਾਅਦ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ 25 ਮਾਰਚ ਦੀ ਰਾਤ ਨੂੰ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੁੰਦਾ ਦਿਖਾਈ ਦਿੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਘਰ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪੰਜਾਬੀ ਜੋੜਾ ਜਲੰਧਰ ਦੇ ਗੋਰਾਇਆ ਨਾਲ ਸਬੰਧਿਤ ਹੈ।
ਅਣਪਛਾਤਾ ਵਿਅਕਤੀ ਦਿੱਤਾ ਦਿਖਾਈ: ਮੀਡੀਆ ਰਿਪੋਰਟਾਂ ਮੁਤਾਬਿਕ ਸੀਸੀਟੀਵੀ ਫੁਟੇਜ ਵਿੱਚ ਮ੍ਰਿਤਕ ਸੁਖਵਿੰਦਰ ਦੇ ਸ਼ਨੀਵਾਰ ਰਾਤ ਨੂੰ ਕੰਮ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਇੱਕ ਅਣਪਛਾਤਾ ਵਿਅਕਤੀ ਮ੍ਰਿਤਕ ਜੋੜੇ ਦੇ ਘਰ ਵਿੱਚ ਦਾਖਲ ਹੁੰਦਾ ਦਿਖਾਈ ਦਿੱਤਾ। ਹਮਲਾਵਰ ਕਿਰਨਦੀਪ 'ਤੇ ਦੋ ਗੋਲੀਆਂ ਚਲਾਉਣ ਤੋਂ ਪਹਿਲਾਂ ਸੁਖਵਿੰਦਰ 'ਤੇ ਕਈ ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 19 ਸਾਲ ਪਹਿਲਾਂ ਸੁਖਵਿੰਦਰ ਫਿਲੀਪੀਨਜ਼ ਚਲਾ ਗਿਆ ਅਤੇ ਉੱਥੇ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ। ਦੱਸ ਦਈਏ ਉਸ ਦਾ ਤਿੰਨ ਸਾਲ ਪਹਿਲਾਂ ਕਿਰਨਦੀਪ ਨਾਲ ਵਿਆਹ ਹੋਇਆ ਸੀ ਅਤੇ ਉਹ ਪੰਜ ਮਹੀਨੇ ਪਹਿਲਾਂ ਮਨੀਲਾ ਰਹਿਣ ਲਈ ਆਸੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਦਾ ਵੱਡਾ ਭਰਾ ਲਖਵੀਰ ਸਿੰਘ ਵੀ ਆਪਣੇ ਭਰਾ ਨਾਲ ਰਹਿੰਦਾ ਸੀ ਪਰ ਉਹ ਆਪਣੇ ਪਰਿਵਾਰਕ ਸਮਾਗਮ ਲਈ ਭਾਰਤ ਆਇਆ ਹੋਇਆ ਸੀ।
ਪਹਿਲਾਂ ਵੀ ਵਾਪਰੀ ਸੀ ਅਜਿਹੀ ਘਟਨਾ: ਦੱਸ ਦਈਏ ਬੀਤੇ ਸਾਲ ਅਮਰੀਕਾ ਵਿੱਚ ਵੀ ਇੱਕ ਪੰਜਾਬੀ ਪਰਿਵਾਰ ਦਾ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕੈਲੀਫੋਰਨੀਆ ਸੂਬੇ ਵਿੱਚ ਕਰ ਦਿੱਤਾ ਗਿਆ ਸੀ। ਇਹ ਪਰਿਵਾਰ ਵੀ ਪੰਜਾਬ ਦੇ ਦੋਆਬਾ ਖੇਤਰ ਨਾਲ ਹੀ ਸਬੰਧਿਤ ਸੀ। ਟਾਂਡਾ ਦੇ ਪਿੰਡ ਹਰਸੀਪਿੰਡ ਨਾਲ ਸਬੰਧਿਤ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਿਕ ਕਤਲ ਕੀਤੇ ਗਏ 4 ਲੋਕਾਂ ਦੀਆਂ ਲਾਸ਼ਾਂ ਨੇੜੇ-ਨੇੜੇ ਪਈਆਂ ਮਿਲੀਆਂ ਸਨ। ਇਨ੍ਹਾਂ ਵਿੱਚ ਇੱਕ ਅੱਠ ਮਹੀਨਿਆਂ ਦੀ ਬੱਚੀ ਸਣੇ 3 ਲੋਕ ਹੋਰ ਸਨ। ਸ਼ੱਕੀ ਬਾਰੇ ਗੱਲ ਕਰਦਿਆਂ ਅਧਿਕਾਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸ਼ੱਕੀ ਬਾਰੇ ਜਾਣਕਾਰੀ ਹੈ ਤਾਂ ਪਰ ਸਾਂਝੀ ਨਹੀਂ ਕਰ ਸਕਦੇ, ਪਰ ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਕਾਰਵਾਈ ਕਰਦਿਆਂ ਜਿੱਥੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ ਉੱਥੇ ਹੀ ਮਾਮਲੇ ਵਿੱਚ ਮੁਲਜ਼ਮ ਮੁਲਜ਼ਮ ਦੇ ਭਰਾ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਿਸ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤ ਮਿਟਾਉਣ ਦੇ ਇਲਜ਼ਾਮ ਲੱਗੇ ਸਨ।
ਇਹ ਵੀ ਪੜ੍ਹੋ: America School shooting: ਅਮਰੀਕਾ ਦੇ ਸਕੂਲ ਵਿੱਚ ਗੋਲੀਬਾਰੀ, 7 ਦੀ ਮੌਤ