ਤੇਲ ਅਵੀਵ (ਇਜ਼ਰਾਇਲ): ਇੱਕ ਇਤਾਲਵੀ ਸੈਲਾਨੀ ਸਮੇਤ ਤਿੰਨ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਜ਼ਰਾਈਲ 'ਚ ਹਲਾਤ ਵਿਗੜਦੇ ਨਜ਼ਰ ਆ ਰਹੇ ਹਨ। ਸੀਰੀਆ ਤੋਂ ਇਜ਼ਰਾਈਲ ਰੱਖਿਆ ਬਲਾਂ 'ਤੇ ਤਿੰਨ ਰਾਕੇਟ ਦਾਗੇ ਗਏ ਹਨ। ਇਸ ਤੋਂ ਪਹਿਲਾਂ ਲੇਬਨਾਨ ਤੋਂ ਰਾਕੇਟ ਦਾਗੇ ਗਏ ਸੀ। ਯੇਰੂਸ਼ਲਮ ਪੋਸਟ ਦੇ ਅਨੁਸਾਰ IDF ਨੇ ਕਿਹਾ ਕਿ ਸੀਰੀਆ ਦੇ ਰਾਕੇਟਾਂ ਵਿੱਚੋਂ ਇੱਕ ਇਜ਼ਰਾਈਲ ਦੇ ਦੱਖਣੀ ਗੋਲਾਨ ਹਾਈਟਸ ਦੇ ਇੱਕ ਖੁੱਲੇ ਖੇਤਰ ਵਿੱਚ ਜਾ ਡਿੱਗਿਆ। ਯੇਰੂਸ਼ਲਮ ਪੋਸਟ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਰਾਤ ਯੇਰੂਸ਼ਲਮ ਦੇ ਪੁਰਾਣੇ ਸ਼ਹਿਰ 'ਚ ਵੀ ਕੁਝ ਗਤੀਵਿਧੀਆਂ ਦੇਖੀਆਂ ਗਈਆਂ ਸਨ।
ਪੂਰੇ ਸ਼ਹਿਰ ਵਿੱਚ 2,300 ਪੁਲਿਸ ਬਲ ਤਾਇਨਾਤ: ਸੁਰੱਖਿਆ ਬਲਾਂ ਨੇ ਖਦਸ਼ਾ ਜਤਾਇਆ ਹੈ ਕਿ ਐਤਵਾਰ ਯਾਨੀ ਅੱਜ ਫਿਰ ਹਮਲੇ ਹੋ ਸਕਦੇ ਹਨ, ਜਿਸ ਕਾਰਨ ਪੂਰੇ ਸ਼ਹਿਰ ਵਿੱਚ 2,300 ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਇਹ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰ ਰਿਹਾ ਹੈ ਕਿ ਮੁਸਲਮਾਨ, ਯਹੂਦੀ ਅਤੇ ਈਸਾਈ ਸ਼ਾਂਤੀ ਨਾਲ ਰਮਜ਼ਾਨ, ਪਸਾਹ ਅਤੇ ਈਸਟਰ ਮਨਾ ਸਕਣ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਯਹੂਦੀ ਉਪਾਸਕਾਂ ਦੇ ਪਸਾਹ 'ਤੇ ਹੋਣ ਵਾਲੇ ਆਸ਼ੀਰਵਾਦ ਸਮਾਰੋਹ ਲਈ ਪੱਛਮੀ ਦੀਵਾਰ ਵੱਲ ਵਧਣ ਦੀ ਉਮੀਦ ਹੈ ਤੇ ਯਹੂਦੀ ਸੈਲਾਨੀਆਂ ਦੇ ਟੈਂਪਲ ਮਾਊਂਟ 'ਤੇ ਵੀ ਚੜ੍ਹਨ ਦੀ ਉਮੀਦ ਹੈ, ਜਿਸ ਨੂੰ ਮੁਸਲਮਾਨ ਅਲ-ਹਰਮ ਅਲ-ਸ਼ਰੀਫ ਨਾਲ ਜਾਣਦੇ ਹਨ।
ਦਾਗੇ ਗਏ ਰਾਕੇਟ ਦੇ ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਅਤੇ ਲੇਬਨਾਨ 'ਤੇ ਕੀਤੀ ਬੰਬਾਰੀ: ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਪੀਲ ਦੇ ਬਾਵਜੂਦ ਹਿੰਸਾ ਦੀਆਂ ਕੁਝ ਘਟਨਾਵਾਂ ਹੋਈਆਂ ਹਨ, ਜਿਸ ਤੋਂ ਬਾਅਦ ਇਜ਼ਰਾਈਲ ਨੇ ਫਲਸਤੀਨੀ ਅੱਤਵਾਦੀਆਂ ਦੁਆਰਾ ਦਾਗੇ ਗਏ ਰਾਕੇਟ ਦੇ ਜਵਾਬ ਵਿੱਚ ਗਾਜ਼ਾ ਅਤੇ ਲੇਬਨਾਨ ਦੋਵਾਂ 'ਤੇ ਬੰਬਾਰੀ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪਵਿੱਤਰ ਮਹੀਨੇ ਵਿੱਚ ਅਸ਼ਾਂਤੀ ਵਧ ਗਈ ਹੈ, ਜਦੋਂ ਲੋਕ ਰਮਜ਼ਾਨ, ਯਹੂਦੀ ਪਸਾਹ ਅਤੇ ਈਸਾਈ ਈਸਟਰ ਮਨਾ ਰਹੇ ਹਨ।
ਸੁਰੱਖਿਆ ਬਲ ਅਜੇ ਵੀ ਸਰਹੱਦਾਂ 'ਤੇ ਤਾਇਨਾਤ: ਯਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ ਸ਼ਨੀਵਾਰ ਦੀ ਰਾਤ ਤੱਕ ਅਜਿਹਾ ਪ੍ਰਤੀਤ ਹੋਇਆ ਜਿਵੇਂ ਕਿ ਇੱਕ ਅਸਹਿਜ ਸ਼ਾਂਤੀ ਬਹਾਲ ਹੋ ਗਈ ਸੀ। ਹਾਲਾਂਕਿ ਸੁਰੱਖਿਆ ਬਲ ਅਜੇ ਵੀ ਸਰਹੱਦਾਂ 'ਤੇ ਤਾਇਨਾਤ ਸਨ। ਜਿੱਥੇ ਕਿਸੇ ਵੀ ਸਮੇਂ ਇਜ਼ਰਾਇਲੀ ਅਤੇ ਫਲਸਤੀਨੀ ਲੋਕਾਂ ਵਿਚਕਾਰ ਹਿੰਸਾ ਹੋ ਸਕਦੀ ਹੈ।
ਇਹ ਵੀ ਪੜ੍ਹੋ: Pakistan Crisis: ਪਾਕਿਸਤਾਨ ਸਾਹਮਣੇ ਨਵਾਂ ਸੰਕਟ, 3 ਸਾਲਾਂ 'ਚ ਮੋੜਨਾ ਪਵੇਗਾ ਇੰਨਾ ਵਿਦੇਸ਼ੀ ਕਰਜ਼ਾ !