ਨਵੀਂ ਦਿੱਲੀ: ਪਾਕਿਸਤਾਨ 'ਚ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ 'ਚ ਪੀੜਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮਦਦ ਮੰਗੀ ਹੈ।
ਕੁੜੀ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਨੂੰ ਬੀਤੇ ਦਿਨੀ ਅਗਵਾਹ ਕਰ ਲਿਆ ਗਿਆ ਸੀ ਤੇ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਜੇ ਉਸ ਨੇ ਇਸਲਾਮ ਨਾ ਕਬੂਲਿਆ ਤਾਂ ਉਸ ਦੇ ਪਿਤਾ ਅਤੇ ਭਰਾਵਾਂ ਨੂੰ ਮਾਰ ਦਿੱਤਾ ਜਾਵੇਗਾ। ਕੁੜੀ ਦੇ ਪਰਿਵਾਰ ਨੇ ਇੱਕ ਵੀਡੀਓ ਰਾਹੀਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਲੜਕੀ ਨੂੰ ਵਾਪਸ ਲਿਆਉਣ ਲਈ ਅਪੀਲ ਕੀਤੀ ਹੈ ਤਾਂ ਜੋ ਭਾਰਤ ਅਤੇ ਪਾਕਿ ਵਿਚਾਲੇ ਕਰਤਾਰਪੁਰ ਲਾਂਘੇ ਅਤੇ ਕਸ਼ਮੀਰ ਮਸਲੇ ਨੂੰ ਲੈ ਕੇ ਹੋਰ ਤਲਖੀ ਨਾ ਵਧੇ।
ਦੱਸਣਯੋਗ ਹੈ ਕਿ ਬੀਤੇ ਦਿਨੀ ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ 19 ਸਾਲਾ ਸਿੱਖ ਕੁੜੀ ਦਾ ਜਬਰਨ ਧਰਮ-ਬਦਲੀ ਕਰ ਕੇ ਉਸ ਨਾਲ ਜਬਰਨ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਾਏ ਹਨ ਕਿ ਮੁਸਲਿਮ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਜਬਰਨ ਨਿਕਾਹ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।