ਕੀਵ: ਰੂਸ ਨੇ ਯੂਕਰੇਨ ਦੇ ਖਿਲਾਫ ਚੱਲ ਰਹੇ ਹਮਲੇ ਦੌਰਾਨ ਉਸਦੇ ਹਵਾਈ ਅੱਡਿਆਂ ਅਤੇ ਈਂਧਨ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲੇ ਦਾ ਦੂਜਾ ਪੜਾਅ ਜਾਪਦਾ ਹੈ, ਜੋ ਤਿੱਖੇ ਵਿਰੋਧ ਕਾਰਨ ਮੱਠਾ ਪੈ ਗਿਆ ਹੈ। ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ (ਈਯੂ) ਨੇ ਯੂਕਰੇਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਪ੍ਰਦਾਨ ਕੀਤਾ ਹੈ ਅਤੇ ਰੂਸ ਨੂੰ ਹੋਰ ਅਲੱਗ-ਥਲੱਗ ਕਰਨ ਲਈ ਸਖ਼ਤ ਪਾਬੰਦੀਆਂ ਲਗਾਈਆਂ ਹਨ।
ਐਤਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਦੱਖਣ ਵਿੱਚ ਵੱਡੇ ਧਮਾਕੇ ਹੋਏ ਜਦੋਂ ਲੋਕ ਰੂਸੀ ਫੌਜਾਂ ਦੇ ਵੱਡੇ ਹਮਲੇ ਦੇ ਡਰੋਂ ਆਪਣੇ ਘਰਾਂ, ਭੂਮੀਗਤ ਗੈਰੇਜਾਂ ਅਤੇ ਉਪਨਗਰੀਏ ਸਟੇਸ਼ਨਾਂ ਵਿੱਚ ਲੁਕ ਗਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਦਫਤਰ ਅਤੇ ਨੇੜਲੇ ਸ਼ਹਿਰ ਵਾਸਿਲਕੀਵ ਦੇ ਮੇਅਰ ਨੇ ਕਿਹਾ ਕਿ ਰਾਜਧਾਨੀ ਤੋਂ ਲਗਭਗ 25 ਮੀਲ ਦੱਖਣ ਵਿਚ ਜ਼ੁਲਿਆਨੀ ਹਵਾਈ ਅੱਡੇ ਨੇੜੇ ਇਕ ਤੇਲ ਡਿਪੂ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ।
ਰਾਸ਼ਟਰਪਤੀ ਜ਼ੇਲੇਨਸਕੀ ਦੇ ਦਫ਼ਤਰ ਨੇ ਕਿਹਾ ਕਿ ਰੂਸੀ ਬਲਾਂ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਵਿੱਚ ਇੱਕ ਗੈਸ ਪਾਈਪਲਾਈਨ ਵਿੱਚ ਵੀ ਧਮਾਕਾ ਕੀਤਾ। ਜ਼ੇਲੇਨਸਕੀ ਨੇ ਸਹੁੰ ਖਾਧੀ, "ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਤ ਤੱਕ ਲੜਾਂਗੇ।" ਬਿਆਨ ਵਿਚ ਕਿਹਾ ਗਿਆ ਹੈ ਕਿ ਯੂਕਰੇਨ ਦੀ ਸਰਕਾਰ ਨੇ 39 ਘੰਟੇ ਦਾ ਕਰਫਿਊ ਲਗਾਇਆ ਹੈ ਤਾਂ ਜੋ ਲੋਕ ਸੜਕਾਂ 'ਤੇ ਨਾ ਆਉਣ।
ਯੂਕਰੇਨ ਤੋਂ 150,000 ਤੋਂ ਵੱਧ ਲੋਕ ਪੋਲੈਂਡ, ਮੋਲਡੋਵਾ ਅਤੇ ਹੋਰ ਦੇਸ਼ਾਂ ਵਿੱਚ ਚਲੇ ਗਏ ਹਨ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜੰਗ ਜਾਰੀ ਰਹੀ ਤਾਂ ਇਹ ਗਿਣਤੀ 4 ਲੱਖ ਤੋਂ ਵੱਧ ਹੋ ਸਕਦੀ ਹੈ। ਅਮਰੀਕਾ ਨੇ ਯੂਕਰੇਨ ਨੂੰ ਟੈਂਕ ਵਿਰੋਧੀ ਹਥਿਆਰਾਂ ਅਤੇ ਛੋਟੇ ਹਥਿਆਰਾਂ ਸਮੇਤ 350 ਮਿਲੀਅਨ ਡਾਲਰ ਦੀ ਵਾਧੂ ਫੌਜੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।
ਜਰਮਨੀ ਨੇ ਕਿਹਾ ਕਿ ਉਹ ਯੂਕਰੇਨ ਨੂੰ ਮਿਜ਼ਾਈਲਾਂ ਅਤੇ ਐਂਟੀ-ਟੈਂਕ ਹਥਿਆਰ ਭੇਜੇਗਾ ਅਤੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰੇਗਾ। ਰੂਸੀ ਬੈਂਕਾਂ ਨੂੰ ਖਤਮ ਕਰਨ ਅਤੇ ਰੂਸ ਦੇ ਸੈਂਟਰਲ ਬੈਂਕ ਦੇ ਖਿਲਾਫ ਪਾਬੰਦੀਆਂ ਵਾਲੇ ਉਪਾਅ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਯੂਕਰੇਨ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਯੁੱਧ 'ਚ ਤਿੰਨ ਬੱਚਿਆਂ ਸਮੇਤ 198 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜੋ:- ਹਰਿਆਣਾ ਦੀ ਬਹਾਦਰ ਧੀ ਨੇ ਯੂਕਰੇਨ ਛੱਡਣ ਤੋਂ ਕੀਤਾ ਇਨਕਾਰ, ਕਾਰਨ ਜਾਣ ਕੇ ਤੁਸੀਂ ਵੀ ਕਰੋਗੇ ਸਲਾਮ