ਆਸਟ੍ਰੇਲੀਆ: ਮੈਲਬਰਨ ਦੇ ਕ੍ਰਾਊਨ ਕੈਸਿਨੋ ਦੇ ਬਾਹਰ ਬੀਤੇ ਸਨਿੱਚਰਵਾਰ ਨੂੰ ਇੱਕ ਸਿੱਖ ਟੈਕਸੀ ਡਰਾਈਵਰ 'ਤੇ ਹਮਲਾ ਕੀਤਾ ਗਿਆ। ਉਸ ਦੇ ਨੱਕ ਅਤੇ ਚਿਹਰੇ 'ਤੇ ਕਾਫ਼ੀ ਸੱਟਾਂ ਲੱਗੀਆਂ ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਟੈਕਸੀ ਡਰਾਈਵਰ ਨੇ ਸ਼ਰਾਬੀ ਅਤੇ ਬਦਸਲੂਕੀ ਕਰ ਰਹੇ ਤਿੰਨ ਵਿਅਕਤੀਆਂ ਨੂੰ ਗੱਡੀ 'ਚ ਬਿਠਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਉਸ 'ਤੇ ਹਮਲਾ ਕਰ ਦਿੱਤਾ।
ਪੀੜਤ ਨੇ ਦੱਸਿਆ ਕਿ ਸਨਿੱਚਰਵਾਰ ਨੂੰ ਜਦੋਂ ਉਹ ਕ੍ਰਾਊਨ ਕਸੀਨੋ ਟੈਕਸੀ ਰੈਂਕ 'ਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਤਿੰਨ ਵਿਅਕਤੀ ਆਏ। ਉਸ ਨੇ ਉਨ੍ਹਾਂ ਨੂੰ ਪਹਿਲੀ ਵਾਲੀ ਟੈਕਸੀ ਲੈਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਪੀੜਤ ਨੂੰ ਗਾਲ਼ਾਂ ਕੱਢੀਆਂ ਅਤੇ ਨਸਲੀ ਟਿਪੱਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਪੀੜਤ ਨੂੰ ਉਨ੍ਹਾਂ ਵਿਅਕਤੀਆਂ ਨੂੰ ਗੱਡੀ ਛੱਡਣ ਲਈ ਕਿਹਾ ਪਰ ਉਨ੍ਹਾਂ ਬਾਹਰ ਜਾਣ ਤੋਂ ਪਹਿਲਾਂ ਸਿੱਖ ਡਰਾਈਵਰ ਦੀ ਪੱਗ ਉਤਾਰ ਕੇ ਬਾਹਰ ਸੁੱਟ ਦਿੱਤੀ। ਇਸ ਤੋਂ ਬਾਅਦ ਉਹ ਬਾਹਰ ਨਿਕਲੇ ਅਤੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਸਿੱਖ ਡਰਾਈਵਰ ਦਾ ਦਾਅਵਾ ਹੈ ਕਿ ਸਿੱਖ ਹੋਣ ਕਾਰਨ ਉਸ ਨਾਲ ਨਸਲੀ ਭੇਦਵਾਭ ਕਰਦਿਆਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਮੌਕੇ 'ਤੇ ਪੰਹੁਚੀ ਪੁਲਿਸ ਕਥਿਤ ਹਮਲਾਵਰਾਂ ਨੂੰ ਨੋਰਥ ਮੈਲਬਰਨ ਪੁਲਿਸ ਥਾਣੇ ਲੈ ਗਈ। ਇਹ ਸਾਰੀ ਘਟਨਾ ਟੈਕਸੀ 'ਚ ਲੱਗੇ ਸੀਸੀਟੀਵੀ 'ਚ ਕੈਦ ਹੋਈ ਹੈ ਤੇ ਪੁਲਿਸ ਇਸਦੀ ਜਾਂਚ ਕਰ ਰਹੀ ਹੈ।